ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪਨਸਪ ਦਾ ਜਨਰਲ ਮੈਨੇਜਰ ਗ੍ਰਿਫ਼ਤਾਰ

ਸਰਕਾਰੀ ਗੱਡੀ ’ਚ ਰਿਸ਼ਵਤ ਲੈਣ ਆਇਆ ਸੀ ਅਧਿਕਾਰੀ, ਮੈਕਸ ਹਸਪਤਾਲ ਦੀ ਪਾਰਕਿੰਗ ’ਚੋਂ ਕੀਤਾ ਕਾਬੂ

ਵਿਜੀਲੈਂਸ ਨੇ ਅਧਿਕਾਰੀ ਦੀ ਸਰਕਾਰੀ ਕਾਰ ਵੀ ਕਬਜ਼ੇ ਵਿੱਚ ਲਈ

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਪਨਸਪ ਦੇ ਜਨਰਲ ਮੈਨੇਜਰ ਅਜੀਤ ਪਾਲ ਸਿੰਘ ਸੈਣੀ ਨੂੰ ਅੱਜ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਅਧਿਕਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ, ਫਲਾਇੰਗ ਸਕੁਐਡ-1, ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ 2 ਮਈ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਜੀਤਪਾਲ ਕੋਲ ਖ਼ਰੀਦ, ਸਟੋਰੇਜ, ਵਪਾਰਕ, ਨਿਰਮਾਣ ਅਤੇ ਮੁੱਖ ਵਿਜੀਲੈਂਸ ਅਧਿਕਾਰੀ (ਸੀਵੀਓ) ਦਾ ਵੀ ਚਾਰਜ ਹੈ। ਇਹ ਕਾਰਵਾਈ ਫਿਰੋਜ਼ਪੁਰ ਦੇ ਇੱਕ ਕਮਿਸ਼ਨ ਏਜੰਟ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਵਿਜੀਲੈਂਸ ਨੇ ਮੁੱਢਲੀ ਜਾਂਚ ਤੋਂ ਬਾਅਦ ਪਨਸਪ ਦੇ ਜਨਰਲ ਮੈਨੇਜਰ ਨੂੰ ਮੈਕਸ ਹਸਪਤਾਲ ਫੇਜ਼-6 ਦੀ ਪਾਰਕਿੰਗ ਵਿੱਚ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਹ ਆਪਣੀ ਸਰਕਾਰੀ ਗੱਡੀ ਵਿੱਚ ਰਿਸ਼ਵਤ ਦੇ ਪੈਸੇ ਲੈਣ ਆਇਆ ਸੀ। ਵਿਜੀਲੈਂਸ ਨੇ ਸਰਕਾਰੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ।
ਪੀੜਤ ਵਿਅਕਤੀ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੁਲਜ਼ਮ ਅਧਿਕਾਰੀ ਝੋਨੇ ਦੀਆਂ ਬੋਰੀਆਂ ਦੀ ਜਾਅਲੀ ਖ਼ਰੀਦ ਸਬੰਧੀ ਗਬਨ ਦੀ ਕੁੱਲ ਰਾਸ਼ੀ 1.25 ਕਰੋੜ ਰੁਪਏ ’ਚੋਂ 10 ਫੀਸਦੀ ਰਿਸ਼ਵਤ ਮੰਗ ਰਿਹਾ ਹੈ। ਪਹਿਲੀ ਕਿਸ਼ਤ ਵਜੋਂ ਉਸਨੇ 2 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਬਾਅਦ ਵਿੱਚ ਸੌਦਾ ਇੱਕ ਲੱਖ ਰੁਪਏ ਵਿੱਚ ਤੈਅ ਹੋ ਗਿਆ। ਸ਼ਿਕਾਇਤਕਰਤਾ ਫਿਰੋਜ਼ਪੁਰ ਦੇ ਸ਼ਹਿਜ਼ਦੀ ਅਤੇ ਮਾਨਾ ਸਿੰਘ ਵਾਲਾ ਦੀਆਂ ਮੰਡੀਆਂ ਵਿੱਚ ਇੱਕ ਕਮਿਸ਼ਨ ਏਜੰਟ ਹੈ। ਸਾਲ 2024 ਵਿੱਚ ਪਨਸਪ ਵੱਲੋਂ ਝੋਨੇ ਦੀ ਖ਼ਰੀਦ ਦੌਰਾਨ, ਸਬੰਧਤ ਚੌਲ ਮਿੱਲਾਂ ਵਿੱਚ ਸਟਾਕ ਦੀ ਜਾਂਚ ਦੌਰਾਨ ਕੁੱਲ 34,250 ਝੋਨੇ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ ਸਨ।
ਸ਼ਿਕਾਇਤਕਰਤਾ ਦੀ (ਆੜ੍ਹਤੀਆ) ਫਰਮ ’ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਕੁੱਲ 34,250 ਝੋਨੇ ਦੀਆਂ ਬੋਰੀਆਂ ਦੀ ਜਾਅਲੀ ਖ਼ਰੀਦ ਦੀ ਰਿਪੋਰਟ ਕਰਨ ਵਿੱਚ ਸ਼ਾਮਲ ਸੀ। ਇਸ ਤੋਂ ਬਾਅਦ ਉਸ ਨੂੰ 2.97 ਕਰੋੜ ਰੁਪਏ ਦੀ ਘਾਟ ਵਾਲੀ ਰਾਸ਼ੀ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ, ਜਿਸ ਉਪਰੰਤ, ਸ਼ਿਕਾਇਤਕਰਤਾ ਨੇ ਪਨਸਪ ਕੋਲ ਰਿਕਵਰੀ ਵਜੋਂ 2.50 ਕਰੋੜ ਰੁਪਏ ਜਮ੍ਹਾ ਕਰਵਾਏ। ਅਖੀਰ ਵਿੱਚ ਸ਼ਿਕਾਇਤਕਰਤਾ ਨੇ ਪਨਸਪ ਦੇ ਐਮਡੀ ਨੂੰ ਸ਼ਿਕਾਇਤ ਦਿੱਤੀ ਕਿ ਜ਼ਿਲ੍ਹਾ ਮੈਨੇਜਰ, ਫਿਰੋਜ਼ਪੁਰ ਅਤੇ ਪਨਸਪ ਫਿਰੋਜ਼ਪੁਰ ਦੇ ਇੰਸਪੈਕਟਰਾਂ ਵੱਲੋਂ ਆਨਲਾਈਨ ਪੋਰਟਲ ਤੋਂ ਲਗਪਗ 19040 ਝੋਨੇ ਦੀਆਂ ਬੋਰੀਆਂ ਦੇ ਗੇਟ ਪਾਸ ਡਿਲੀਟ ਕਰ ਦਿੱਤੇ ਗਏ ਸਨ, ਜਿਸ ਕਾਰਨ ਉਸ ਨੂੰ ਇਨ੍ਹਾਂ ਬੋਰੀਆਂ ਲਈ ਗਲਤ ਜੁਰਮਾਨਾ ਲਗਾਇਆ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਅਜੀਤਪਾਲ ਸੈਣੀ ਨੇ ਆਪਣੇ ਕਿਸੇ ਜਾਣਕਾਰ ਕੰਵਲਦੀਪ ਰਾਹੀਂ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤਕਰਤਾ ਦੇ ਹੱਕ ਵਿੱਚ ਮਾਮਲਾ ਨਿਪਟਾਉਣ ਲਈ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਗੱਲਬਾਤ ਆਡੀਓ ਰਿਕਾਰਡ ਕਰ ਲਈ, ਜਿਸ ਵਿੱਚ ਮੁਲਜ਼ਮ ਨੇ ਪਹਿਲੀ ਕਿਸ਼ਤ ਵਜੋਂ 2 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਮੈਨੇਜਰ ਫਿਰੋਜ਼ਪੁਰ ਅਤੇ ਪਨਸਪ ਫਿਰੋਜ਼ਪੁਰ ਦੇ 2 ਇੰਸਪੈਕਟਰਾਂ ਨੂੰ ਵੀ ਇਸੇ ਮਾਮਲੇ ਵਿੱਚ ਵਿਭਾਗ ਵੱਲੋਂ ਮੁਅੱਤਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…