ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਿਬੀਰ ਬੇਦੀ ਨੇ ਅਸਤੀਫ਼ਾ ਦਿੱਤਾ

ਸਿੱਖਿਆ ਵਿਭਾਗ ਦੇ ਸਕੱਤਰ ਕਮਰ ਕਿਸ਼ੋਰ ਯਾਦਵ ਨੂੰ ਸੌਂਪਿਆ ਬੋਰਡ ਚੇਅਰਮੈਨ ਦਾ ਵਾਧੂ ਚਾਰਜ

ਨਬਜ਼-ਏ-ਪੰਜਾਬ, ਮੁਹਾਲੀ, 6 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਡਾ. ਸਤਿਬੀਰ ਬੇਦੀ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੀ ‘ਆਪ’ ਸਰਕਾਰ ਨੇ ਉਨ੍ਹਾਂ ਨੂੰ 17 ਫਰਵਰੀ 2023 ਨੂੰ ਬੋਰਡ ਮੁਖੀ ਨੂੰ ਜ਼ਿੰਮੇਵਾਰੀ ਸੌਂਪੀ ਸੀ ਅਤੇ ਡਾ. ਬੇਦੀ ਨੇ 20 ਫਰਵਰੀ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਡਾ. ਸਤਿਬੀਰ ਬੇਦੀ ਨੇ ਬੀਤੀ ਸ਼ਾਮ ਆਪਣਾ ਅਸਤੀਫ਼ਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਭੇਜਿਆ ਸੀ। ਹਾਲਾਂਕਿ ਬੋਰਡ ਮੁਖੀ ਵੱਲੋਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇਣ ਦੀ ਗੱਲ ਆਖੀ ਹੈ ਪ੍ਰੰਤੂ ਬੋਰਡ ਸੂਤਰਾਂ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਿੱਖਿਆ ਮੰਤਰੀ ਨਾਲ ਕੁੱਝ ਸਮੇਂ ਤੋਂ ਖਿੱਚੋਤਾਣ ਜਿਹੀ ਚੱਲ ਰਹੀ ਸੀ। ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦੇਣਾ ਹੀ ਠੀਕ ਸਮਝਿਆ। ਉਂਜ ਉਹ ਪਿਛਲੇ ਇੱਕ ਮਹੀਨੇ ਤੋਂ ਮੈਡੀਕਲ ਲੀਵ ’ਤੇ ਚੱਲ ਰਹੇ ਸਨ। ਉਹ ਘਰ ਵਿੱਚ ਪੈਰ ਤਿਲਕਣ ਕਾਰਨ ਜ਼ਮੀਨ ’ਤੇ ਡਿੱਗ ਗਏ ਸੀ ਅਤੇ ਉਨ੍ਹਾਂ ਦੇ ਗੋਡੇ ’ਤੇ ਕਾਫ਼ੀ ਚੋਟ ਆਈ ਸੀ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਡਾ. ਬੇਦੀ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਸਕੂਲ ਬੋਰਡ ਦਾ ਦਫ਼ਤਰੀ ਕੰਮ-ਕਾਜ ਚਲਾਉਣ ਲਈ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਬੋਰਡ ਦੇ ਚੇਅਰਮੈਨ ਦੀ ਆਸਾਮੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਡਾ. ਸਤਿਬੀਰ ਬੇਦੀ 1986 ਬੈਚ ਦੇ ਆਈਏਐਸ ਸਨ, ਜੋ ਹੁਣ ਸੇਵਾਮੁਕਤ ਸਨ। ਉਨ੍ਹਾਂ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਡਮੈਂਟ) ਐਕਟ 2017, ਪ੍ਰਿੰਸੀਪਲ ਐਕਟ (1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਸੰਨਤਾ ਪੂਰਵਕ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੀ ਨਿਯੁਕਤੀ ਸਬੰਧੀ ਇਹ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ ਤਿੰਨ ਸਾਲ ਦੇ ਸਮੇਂ ਲਈ (ਜਿਹੜਾ ਪਹਿਲਾਂ ਹੋਵੇ) ਤੱਕ ਕੀਤੀ ਗਈ ਸੀ, ਪ੍ਰੰਤੂ ਉਹ ਬੜੀ ਮੁਸ਼ਕਲ ਨਾਲ ਕਰੀਬ ਡੇਢ ਸਾਲ ਹੀ ਬੋਰਡ ਨੂੰ ਆਪਣੀਆਂ ਸੇਵਾਵਾਂ ਦੇ ਸਕੇ ਹਨ।
ਇਸ ਤੋਂ ਪਹਿਲਾਂ ਡਾ. ਬੇਦੀ ਸੈਂਟਰਲ ਸੂਚਨਾ ਕਮਿਸ਼ਨ ਭਾਰਤ ਸਰਕਾਰ ਦੀ ਸਕੱਤਰ, ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੀ ਚੇਅਰਪਰਸਨ, ਨੈਸ਼ਨਲ ਕਮਿਸ਼ਨ ਫਾਰ ਵਿਮੈਨ ਨਵੀਂ ਦਿੱਲੀ ਦੀ ਮੈਂਬਰ ਸਕੱਤਰ, ਮਨਿਸਟਰੀ ਆਫ਼ ਹਿਊਮਨ ਰਿਸੋਰਸ ਡਿਵੈਲਪਮੈਂਟ ਦੀ ਸੰਯੁਕਤ ਸਕੱਤਰ, ਸੋਸ਼ਲ ਵੈੱਲਫੇਅਰ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਦੀ ਪ੍ਰਿੰਸੀਪਲ ਸਕੱਤਰ, ਕਿਰਤ ਤੇ ਰੁਜ਼ਗਾਰ ਵਿਭਾਗ ਦੀ ਪਿੰ੍ਰਸੀਪਲ ਸਕੱਤਰ, ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ, ਐਗਰੀਕਲਚਰ ਐਂਡ ਐਲੀਡ ਐਕਟੀਵਿਟੀ ਦੀ ਕਮਿਸ਼ਨਰ, ਚੀਫ਼ ਇਲੈਕਟਰਲ ਆਫ਼ੀਸਰ ਦਿੱਲੀ, ਨੈਸ਼ਨਲ ਅਕੈਡਮੀ ਫਾਰ ਟਰੇਨਿੰਗ ਐਂਡ ਰਿਸਰਚ ਇਨ ਸੋਸ਼ਲ ਸਕਿਉਰਿਟੀ ਦੀ ਡਾਇਰੈਕਟਰ, ਪ੍ਰੋਵੀਨਸ਼ੀਅਲ ਇਲੈਕਸ਼ਨ ਆਫ਼ੀਸਰ ਕਪੀਸਾ (ਅਫ਼ਗ਼ਾਨਿਸਤਾਨ), ਕਮਿਊਨਿਟੀ ਡਿਵੈਲਪਮੈਂਟ ਐਂਡ ਲੇਬਰ ਦੀ ਸਕੱਤਰ ਅਤੇ ਰੈਜ਼ੀਡੈਂਟ ਕਮਿਸ਼ਨ ਗੋਆ ਸਰਕਾਰ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਕਾਰਨ ਇਹ ਅਸਾਮੀ ਖਾਲੀ ਹੋਈ ਸੀ। ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਯੋਗਰਾਜ ਨੂੰ ਸਕੂਲ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨੇੜਲਿਆਂ ਵਿੱਚ ਗਿਣੇ ਜਾਂਦੇ ਸਨ।
ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਕਈ ਬੋਰਡਾਂ ਅਤੇ ਕਾਰਪੋਰੇਸ਼ਨ ਦੇ ਚੇਅਰਮੈਨਾਂ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ ਪ੍ਰੰਤੂ ਪ੍ਰੋ. ਯੋਗਰਾਜ ਨਿਰੰਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਰ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਸਮੇਂ ਵੀ ਉਹ ਚੇਅਰਮੈਨ ਬਣੇ ਰਹੇ ਅਤੇ ਲਗਪਗ ਸਾਲ ਭਰ ਤੋਂ ਆਪ ਸਰਕਾਰ ਦੌਰਾਨ ਵੀ ਉਹ ਪਹਿਲਾਂ ਵਾਂਗ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ ਲੇਕਿਨ ਉਨ੍ਹਾਂ ਨੇ ਅਚਾਨਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…