ਪੰਜਾਬ ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਵੱਖਰਾ ਕਾਉਂਟਰ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 12 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਵਿਧਾ ਲਈ ਦੁਪਰਤੀ ਸਰਟੀਫਿਕੇਟ, ਮਾਈਗਰੇਸ਼ਨ ਸਰਟੀਫਿਕੇਟ, ਟਰਾਂਸਸਕ੍ਰਿਪਟ ਅਤੇ ਵੈਸ (ਵਿਦੇਸ਼ ’ਚੋਂ ਆਉਣ ਵਾਲੀਆਂ ਵੈਰੀਫਿਕੇਸ਼ਨਾਂ) ਲਈ ਆਨਲਾਈਨ ਅਪਲਾਈ ਕਰਨ ਲਈ ਇੱਕ ਵੱਖਰਾ ਕਾਉਂਟਰ ਸ਼ੁਰੂ ਕੀਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਲੋਕਹਿੱਤ ਲਈ ਦਿੱਤੀਆਂ ਜਾਂਦੀਆਂ ਦੁਪਰਤੀ ਸਰਟੀਫਿਕੇਟ, ਮਾਈਗਰੇਸ਼ਨ ਸਰਟੀਫਿਕੇਟ, ਟਰਾਂਸਸਕ੍ਰਿਪਟ ਅਤੇ ਵੈਸ ਆਦਿ ਸੇਵਾਵਾਂ ਲਈ ਅਪਲਾਈ ਕਰਨ ਦੀ ਸੁਵਿਧਾ ਪੰਜਾਬ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲਬਧ ਕਰਵਾਈ ਗਈ ਹੈ। ਪ੍ਰੰਤੂ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਮੁੱਖ ਦਫ਼ਤਰ ਆਉਣ ਮਗਰੋਂ ਹੀ ਇਸ ਸਬੰਧੀ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਬਾਹਰ ਜਾ ਕੇ ਪ੍ਰਾਈਵੇਟ ਸਾਈਬਰ ਕੈਫ਼ੇ ਤੋਂ ਇਹ ਕੰਮ ਕਰਵਾਉਣਾ ਪੈਂਦਾ ਹੈ। ਇਸ ਕੰਮ ਲਈ ਕੈਫ਼ੇ ਵਾਲਿਆਂ ਵੱਲੋਂ ਮਨਮਰਜ਼ੀ ਨਾਲ ਪੈਸੇ ਵਸੂਲੇ ਜਾਂਦੇ ਹਨ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਿੱਖਿਆ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਦੀ ਇਸ ਸੁਵਿਧਾ ਦਾ ਬੋਰਡ ਤੋਂ ਬਾਹਰ ਪ੍ਰਾਈਵੇਟ ਕੈਫ਼ੇ ਮਾਲਕਾਂ ਵੱਲੋਂ ਨਾਜਾਇਜ਼ ਫ਼ਾਇਦਾ ਚੁੱਕਿਆ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਕੋਲੋਂ ਆਨਲਾਈਨ ਫਾਰਮ ਭਰਵਾਉਣ ਲਈ ਭਾਰੀ ਫ਼ੀਸਾਂ ਲਈਆਂ ਜਾ ਰਹੀਆਂ ਸਨ। ਸਿੰਗਲ-ਵਿੰਡੋ ਤੇ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਨ ਉਪਰੰਤ ਪ੍ਰਾਈਵੇਟ ਕੈਫ਼ੇ ਮਾਲਕਾਂ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਂ ’ਤੇ ਕੀਤੀ ਜਾ ਰਹੀ ਇਸ ਲੁੱਟ-ਖਸੁੱਟ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇਨਜ਼ਰ ਸਿੱਖਿਆ ਬੋਰਡ ਦੀ ਸਿੰਗਲ-ਵਿੰਡੋ ਤੇ ਇੱਕ ਵੱਖਰਾ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ।
ਇਸ ਨਾਲ ਇੱਕ ਤਾਂ ਵਿਦਿਆਰਥੀ ਬੇ-ਵਜ੍ਹਾ ਸਮੇਂ ਦੀ ਬਰਬਾਦੀ ਤੋਂ ਬਚ ਸਕਣਗੇ ਅਤੇ ਦੂਜੇ ਇਸ ਕਾਉਂਟਰ ’ਤੇ ਬਿਨਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਫਾਰਮ ਭਰਨ ਦੀ ਸੁਵਿਧਾ ਪ੍ਰਾਪਤ ਕਰ ਸਕਣਗੇ। ਸਿੱਖਿਆ ਬੋਰਡ ਵੱਲੋਂ ਕੀਤੇ ਇਸ ਉੱਦਮ ਦੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਇਸ ਸੁਵਿਧਾ ਤੋਂ ਰੋਜ਼ਾਨਾ 45 ਤੋਂ 50 ਵਿਦਿਆਰਥੀ ਲਾਭ ਲੈ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…