ਜਥੇਦਾਰ ਬਲਵੀਰ ਸਿੰਘ ਬੈਂਰੋਪੁਰ ਨੂੰ ਸਿਆਸੀ ਤੇ ਧਾਰਮਿਕ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ

ਅੰਤਿਮ ਅਰਦਾਸ ਮੌਕੇ ਭਾਈ ਮਨਪ੍ਰੀਤ ਸਿੰਘ ਦਾ ਭਾਈ ਘਨੱਈਆ ਐਵਾਰਡ ਨਾਲ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 17 ਮਾਰਚ:
ਪਿੰਡ ਬੈਂਰੋਪੁਰ ਦੇ ਸਰਪੰਚ ਜਥੇਦਾਰ ਬਲਵੀਰ ਸਿੰਘ ਜਿਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ ਅੱਜ ਪਿੰਡ ਬੈਂਰੋਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ, ਕਿਸਾਨ, ਸਮਾਜਿਕ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕੇ ਦੇ ਵੱਡੇ ਗਿਣਤੀ ਵਿੱਚ ਪੰਚਾ ਸਰਪੰਚਾਂ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਹਾਜ਼ਰੀ ਭਰੀ। ਸੰਤ ਬਲਜੀਤ ਦਾਸ ਕੁਹਲੀ, ਸੰਤ ਅਤਰ ਸਿੰਘ, ਭਾਈ ਕਰਮਜੀਤ ਸਿੰਘ ਲੰਬਿਆਂ ਸਾਹਿਬ, ਅਵਤਾਰ ਸਿੰਘ, ਭਾਈ ਗੁਲਾਬ ਸਿੰਘ ਜੀ ਰੋੜੇਵਾਲਾ ਸਾਹਿਬ ਅਤੇ ਹੋਰਨਾਂ ਨੇ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਸੰਤ ਖਾਲਸਾ ਦਲ ਦੇ ਸਕੱਤਰ ਗਿਆਨੀ ਭਜਨ ਸਿੰਘ, ਗਿਆਨੀ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਬਾਪੂ ਗੁਰਚਰਨ ਸਿੰਘ ਹਵਾਰਾ ਸੰਚਾਲਕ ਕੌਮੀ ਇਨਸਾਫ ਮੋਰਚਾ, ਜਥੇਦਾਰ ਬਲਵੀਰ ਸਿੰਘ ਦੀ ਭੈਣ ਬੀਬੀ ਜਸਵੀਰ ਕੌਰ ਨੇ ਜਥੇਦਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਦਾਰ ਬਲਵੀਰ ਸਿੰਘ ਨਾਲ ਪਿਛਲੇ 30 ਵਰ੍ਹਿਆਂ ਤੋਂ ਬਹੁਤ ਨਜ਼ਦੀਕੀ ਸਾਂਝ ਰਹੀ ਅਤੇ ਉਨ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਹੋਰਨਾਂ ਖੇਤਰਾਂ ਵਿੱਚ ਕੀਤੇ ਕੰਮ ਕੰਮਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦੇ ਬੇਵਕਤੀ ਵਿਛੋੜੇ ਨੂੰ ਪਿੰਡ ਅਤੇ ਇਲਾਕੇ ਲਈ ਬਹੁਤ ਵੱਡਾ ਘਾਟਾ ਦੱਸਿਆ। ਇਸ ਮੌਕੇ ਪਰਿਵਾਰ ਵੱਲੋਂ ਪਿੰਡ ਦੇ ਦੋਵੇਂ ਗੁਰਦੁਆਰਾ ਸਾਹਿਬ ਲਈ ਇੱਕ ਲੱਖ ਰੁਪਏ, ਪ੍ਰਾਇਮਰੀ ਸਕੂਲ ਬੈਂਰੋਪੁਰ ਲਈ 51000 ਰੁਪਏ, ਲਾਲਾਂ ਵਾਲਾ ਪੀਰ ਨਗਰ ਖੇੜਾ ਅਤੇ ਗੁੱਗਾ ਮਾੜੀ ਲਈ 11000 ਦੀ ਰਾਸ਼ੀ ਭੇਂਟ ਕੀਤੀ ਗਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਦੋਧੀ ਯੂਨੀਅਨ ਅਤੇ ਕਿਸਾਨ ਯੂਨੀਅਨਾਂ ਦੇ ਆਗੂ ਵੀ ਪਹੁੰਚੇ। ਕੌਮੀ ਇਨਸਾਫ ਮੋਰਚਾ ਵੱਲੋਂ ਉਨ੍ਹਾਂ ਦੇ ਸਪੁੱਤਰ ਭਾਈ ਮਨਪ੍ਰੀਤ ਸਿੰਘ ਨੂੰ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਬੀਬੀ ਨਰਿੰਦਰ ਕੌਰ ਅਤੇ ਪਿੰਡ ਹਵਾਰਾ ਦੇ ਪਤਵੰਤਿਆਂ ਨੇ ਜਥੇਦਾਰ ਦੇ ਸਪੁੱਤਰ ਨੂੰ ਦਸਤਾਰ ਭੇਂਟ ਕੀਤੀ। ਇੰਜ ਹੀ ਸੰਤ ਖਾਲਸਾ ਦਲ ਅਤੇ ਹੋਰਨਾਂ ਪੰਥਕ ਧਿਰਾਂ ਵੱਲੋਂ ਵੀ ਦਸਤਾਰ ਭੇਟ ਕੀਤੀ ਗਈ। ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਦਸਤਾਰਾਂ ਭੇਂਟ ਕੀਤੀਆਂ।
ਇਸ ਮੌਕੇ ਏਡੀਜੀਪੀ ਸ਼ਰੀਫਾ ਰੋਕੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਐਡਵੋਕੇਟ ਰੂਬੀ ਸਿੱਧੂ, ਹਰਕੇਸ਼ ਚੰਦ ਸ਼ਰਮਾ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਪਾਲ ਸਿੰਘ ਫਰਾਂਸ, ਦਰਸ਼ਨ ਸਿੰਘ ਯੂਐਸਏ, ਅਵਤਾਰ ਸਿੰਘ ਮੌਲੀ, ਜਥੇਦਾਰ ਅਨੂਪ ਸਿੰਘ ਭਾਗੋਮਾਜਰਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਸਵੇਰ ਸਮੇਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਰਾਜਾ ਰਾਜ ਸਿੰਘ ਨਿਹੰਗ ਆਗੂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸਰਪੰਚਾਂ ਜਿਨ੍ਹਾਂ ਵਿੱਚ ਗੁਰਜੰਟ ਸਿੰਘ ਪੂਨੀਆ ਸਰਪੰਚ ਭਾਗੋਮਾਜਰਾ, ਹਰਪਾਲ ਸਿੰਘ ਸਰਪੰਚ, ਲਖਮੀਰ ਸਿੰਘ ਸਰਪੰਚ ਰਾਏਪੂਰ ਕਲਾਂ, ਬਠਲਾਣਾ ਛੱਜਾ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਭਾਗੋਮਾਜਰਾ, ਇਕਵਾਲ ਸਿੰਘ, ਬਲਵਿੰਦਰ ਸਿੰਘ ਝਾੜ ਸਾਹਿਬ, ਰਵਿੰਦਰ ਸਿੰਘ ਵਜੀਦਪੁਰ ਲੋਕਹਿੱਤ ਮਿਸ਼ਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…