ਐਰੋਸਿਟੀ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਥਾਂ ਮਿਲਿਆ ‘ਧੋਖਾ’

ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਗਮਾਡਾ: ਵਿਧਾਇਕ ਕੁਲਵੰਤ ਸਿੰਘ

ਐਰੋਸਿਟੀ ਵਿੱਚ ਅੰਡਰਗਰਾਉਂਡ ਬਿਜਲੀ ਦੀਆਂ ਤਾਰਾਂ ਪਾਉਣ ਦੀ ਥਾਂ ਖੰਭੇ ਗੱਡ ਰਿਹਾ ਹੈ ਪਾਵਰਕੌਮ

ਨਬਜ਼-ਏ-ਪੰਜਾਬ, ਮੁਹਾਲੀ, 1 ਜੂਨ:
ਪਾਵਰਕੌਮ ਵੱਲੋਂ ਐਰੋਸਿਟੀ ਵਿੱਚ ਬਿਜਲੀ ਸਪਲਾਈ ਦੀਆਂ ਓਪਨ ਤਾਰਾਂ ਪਾਉਣ ਲਈ ਸੜਕ ਕਿਨਾਰੇ ਖੰਭੇ ਗੱਡ ਦਿੱਤੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਅਤੇ ਸਹਿਮ ਦਾ ਮਾਹੌਲ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਗਮਾਡਾ ਵੱਲੋਂ ਆਪਣੇ ਵਕਾਰੀ ਪ੍ਰਾਜੈਕਟ ਐਰੋਸਿਟੀ ਵਿੱਚ ਅੰਡਰਗਰਾਉਂਡ ਬਿਜਲੀ ਸਪਲਾਈ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਸੀ ਪਰ ਗਮਾਡਾ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ, ਹੁਣ ਇੱਥੇ ਓਪਨ ਤਾਰਾਂ ਪਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਐਰੋਸਿਟੀ ਬਲਾਕ ‘ਜੀ’ ਅਤੇ ‘ਈ’ ਬਲਾਕ ਵਿੱਚ ਜ਼ਮੀਨ ਦੇ ਉੱਪਰ ਬਿਜਲੀ ਸਪਲਾਈ ਲਈ ਖੰਭੇ ਗੱਡਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਐਰੋਸਿਟੀ ਪ੍ਰਾਜੈਕਟ ਦੀਆਂ ਸਾਰੀਆਂ ਸੇਵਾਵਾਂ ਬਿਜਲੀ, ਪਾਣੀ, ਸੀਵਰੇਜ ਆਦਿ ਅੰਡਰ ਗਰਾਉਂਡ ਦੇਣ ਦਾ ਭਰੋਸਾ ਦਿੱਤਾ ਸੀ, ਜਿਸ ਕਾਰਨ ਲੋਕਾਂ ਨੇ ਕਾਫ਼ੀ ਮਹਿੰਗੇ ਭਾਅ ’ਤੇ ਐਰੋਸਿਟੀ ਵਿੱਚ ਪਲਾਟ ਖ਼ਰੀਦ ਕੇ ਆਪਣੇ ਸੁਪਨਿਆਂ ਦੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਸੀ ਪਰ ਇੱਥੇ ਬੁਨਿਆਦੀ ਸਹੂਲਤਾਂ ਦੇ ਨਾਂ ਧੋਖਾ ਹੀ ਪੱਲੇ ਪਿਆ ਹੈ।
ਉਨ੍ਹਾਂ ਕਿਹਾ ਕਿ ਅੰਡਰਗਰਾਉਂਡ ਬਿਜਲੀ ਸਪਲਾਈ ਵਾਲਾ ਇਹ ਪੰਜਾਬ ਸਰਕਾਰ ਦਾ ਪਹਿਲਾ ਪ੍ਰਾਜੈਕਟ ਸੀ। ਇਸ ਦਾ ਨਿਰਮਾਣ ਗਮਾਡਾ ਨੇ ਕੁਝ ਸਾਲ ਪਹਿਲਾਂ ਕੀਤਾ ਸੀ। ਗਮਾਡਾ ਨੇ ਪਲਾਟ ਵੇਚਣ ਸਮੇਂ ਅਲਾਟੀਆਂ ਨੂੰ ਅੰਡਰਗਰਾਉਂਡ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਪਾਵਰਕੌਮ ਵੱਲੋਂ ਜ਼ਮੀਨ ਦੇ ਉੱਪਰ ਓਵਰਹੈਡ ਖੰਭੇ ਖੜੇ ਕਰਕੇ ਐਰੋਸਿਟੀ ਦੀ ਖ਼ੂਬਸੂਰਤੀ ਨੂੰ ਬਰਬਾਦ ਕੀਤੀ ਜਾ ਰਿਹਾ ਹੈ, ਜਿਸਦਾ ਸਥਾਨਕ ਲੋਕ ਸਖ਼ਤ ਵਿਰੋਧ ਕਰ ਰਹੇ ਹਨ। ਇਹ ਐਰੋਸਿਟੀ ਦੇ ਮਾਸਟਰ ਪਲਾਨ ਦੀ ਵੱਡੀ ਉਲੰਘਣਾ ਹੈ। ਜਦੋਂ ਵਸਨੀਕਾਂ ਨੇ ਪਾਵਰਕੌਮ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੰਡਰ ਗਰਾਉਂਡ ਬਿਜਲੀ ਸਪਲਾਈ ਲਈ ਵਿਭਾਗ ਕੋਲ ਲੋੜੀਂਦੀ ਤਕਨੀਕੀ ਉਪਕਰਨ ਨਹੀਂ ਹਨ ਅਤੇ ਨਾ ਹੀ ਲੋੜੀਂਦੇ ਫੰਡ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਪਾਵਰਕੌਮ ਸਿਰਫ਼ ਕੰਮ ਚਲਾਊ ਅਤੇ ਬਹੁਤ ਹਲਕੇ ਕਿਸਮ ਦਾ ਕੰਮ ਕਰ ਰਿਹਾ ਹੈ। ਬਹੁਤ ਸਾਰੀਆਂ ਸੜਕਾਂ ’ਤੇ ਤਾਰਾਂ ਅਤੇ ਜੋੜ ਨਜ਼ਰ ਆਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਤਰੀਕੇ ਨਾਲ ਐਰੋਸਿਟੀ ਦੀ ਖ਼ੂਬਸੂਰਤ ਨੂੰ ਗ੍ਰਹਿਣ ਲਗਾਉਣ ਵਾਲੀ ਇਹ ਕਾਰਵਾਈ ਫੌਰੀ ਰੋਕੀ ਜਾਵੇ ਅਤੇ ਮਾਸਟਰ ਪਲਾਨ ਅਨੁਸਾਰ ਅੰਡਰਗਰਾਉਂਡ ਬਿਜਲੀ ਸਪਲਾਈ ਦੀਆਂ ਤਾਰਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪਾਵਰਕੌਮ ਨੇ ਅੰਡਰਗਰਾਉਂਡ ਤਾਰਾਂ ਨਾ ਪਾਈਆਂ ਅਤੇ ਗਮਾਡਾ ਨੇ ਬੁਨਿਆਦੀ ਸਹੂਲਤਾਂ ਪ੍ਰਦਾਨ ਨਾ ਕੀਤੀਆਂ ਤਾਂ ਸਥਾਨਕ ਵਸਨੀਕ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਵਿਕਾਸ ਅਤੇ ਲੋਕਾਂ ਲਈ ਗਮਾਡਾ ਕੋਈ ਕੰਮ ਨਹੀਂ ਕਰ ਰਿਹਾ ਹੈ। ਐਰੋਸਿਟੀ ਵਸਾਉਣ ਸਮੇਂ ਗਮਾਡਾ ਨੇ ਅੰਡਰਗਰਾਉਂਡ ਤਾਰਾਂ ਪਾਉਣ ਦੇ ਪੈਸੇ ਵਸੂਲੇ ਸਨ ਅਤੇ ਹੁਣ ਓਵਰਹੈਡ ਤਾਰਾਂ ਪਾਉਣਾ ਬਿਲਕੁਲ ਗਲਤ ਹੈ। ਇਹ ਅਦਾਰਾ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਆਪਣੇ ਇਕਰਾਰ ਮੁਤਾਬਕ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਮੁਹਾਲੀ ਵਿਕਾਸ ਪੱਖੋਂ ਪਛੜ ਜਾਵੇਗਾ। ਅਧੂਰੇ ਪਏ ਕੰਮਾਂ ਅਤੇ ਲੋਕ ਮਸਲਿਆਂ ਬਾਰੇ ਗਮਾਡਾ ਕੋਈ ਧਿਆਨ ਨਹੀਂ ਰਿਹਾ ਹੈ। ਇਸ ਤਰ੍ਹਾਂ ਸਰਕਾਰੀ ਅਦਾਰੇ ਤੋਂ ਲੋਕਾਂ ਦਾ ਭਰੋਸਾ ਉਠਣਾ ਸੁਭਾਵਿਕ ਹੈ। ਸੜਕਾਂ, ਬਿਜਲੀ-ਪਾਣੀ ਅਤੇ ਹੋਰ ਸਹੂਲਤਾਂ ਨੂੰ ਲੋਕ ਤਰਸ ਰਹੇ ਹਨ। ਸੜਕ ਹਾਦਸੇ ਵਾਪਰ ਰਹੇ ਹਨ। ਲੋਕਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਗਮਾਡਾ ਦੇ ਐਕਸੀਅਨ (ਇਲੈਕਟ੍ਰੀਕਲ ਵਿੰਗ) ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ਨਿੱਜੀ ਫੰਕਸ਼ਨ ਵਿੱਚ ਬਾਹਰ ਆਏ ਹੋਏ ਹਨ। ਇਸ ਸਬੰਧੀ ਭਲਕੇ ਸੋਮਵਾਰ ਨੂੰ ਦਫ਼ਤਰੀ ਸਮੇਂ ਵਿਸਥਾਰ ’ਚ ਗੱਲ ਕੀਤੀ ਜਾ ਸਕਦੀ ਹੈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਟਰੀਟ ਲਾਈਟਾਂ ਦਾ ਕੰਮ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…