ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਹੀ ਮੇਰਾ ਟੀਚਾ: ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ

ਬਲੌਂਗੀ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਾਂਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਸ਼ਹਿਰ ਵਿੱਚ ਰਹਿੰਦੇ ਹੋਰ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਸਰਕਾਰ ਨਾਲ ਜਲਦ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਰਹਿ ਗਏ ਸਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਪਰਿਵਾਰ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਵਾਂਝਾ ਨਾ ਰਹਿ ਜਾਵੇ। ਇਹ ਪ੍ਰਗਟਾਵਾ ਅੱਜ ਮੋਹਾਲੀ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਬਲੌਂਗੀ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਬਲੌਂਗੀ ’ਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦਾ ਇਕੋ ਇਕ ਟੀਚਾ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਦੀ ਸਾਂਭ-ਸੰਭਾਲ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਪਿੰਡ ਦੀ ਸਮੂਹ ਸੰਗਤ ਨੇ ਕੈਪਟਨ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ ਅਤੇ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।
ਕੈਪਟਨ ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਹਲਕਾ ਮੁਹਾਲੀ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨ ਲੜਕੇ- ਲੜਕੀਆਂ ਨੂੰ ਬੈਂਕਿੰਗ ਖੇਤਰ ਵਿੱਚ ਰੋਜ਼ਗਾਰ ਦਿਵਾਉਣ ਦੇ ਮਕਸਦ ਨਾਲ ਹੁਨਰ ਵਿਕਾਸ ਸੈਂਟਰ ਸਥਾਪਿਤ ਕੀਤਾ ਜਾਣਾ ਹੈ, ਉੱਥੇ ਜ਼ਿਆਦਾ ਤਵੱਜੋਂ ਗਰੀਬ ਪੇਂਡੂ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਤਾਂਜੋ ਉਨ੍ਹਾਂ ਨੂੰ ਰੋਜ਼ਗਾਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਹੋ ਸਕੇ। ਇਸ ਤੋਂ ਇਲਾਵਾ ਕੈਪਟਨ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਮੋਹਾਲੀ ਨੂੰ ਜਿੱਥੇ ਅੰਤਰਾਸ਼ਟਰੀ ਪੱਧਰ ਦਾ ਆਈ ਟੀ ਹੱਬ ਬਣਾਇਆ ਜਾਵੇਗਾ, ਉੱਥੇ ਅੰਤਰਾਸ਼ਟਰੀ ਪੱਧਰ ਉੱਤੇ ਮੁਹਾਲੀ ਨੂੰ ਬਿਜਨਸ ਟਰੇਡ ਸੈਂਟਰ ਵਜੋਂ ਵਿਕਸਤ ਵੀ ਕੀਤਾ ਜਾਵੇਗਾ ਤਾਂ ਜੋ ਹਰੇਕ ਨੌਜਵਾਨ ਨੂੰ ਆਪਣੇ ਸ਼ਹਿਰ ਵਿੱਚ ਉਹ ਸਾਰੀਆਂ ਸਹੁਲਤਾਂ ਮਿਲਣ ਜੋਕਿ ਉਨ੍ਹਾਂ ਨੂੰ ਅੱਜ ਦੇ ਸਮੇਂ ਦੌਰਾਨ ਹੋਰ ਸੂਬਿਆਂ ’ਚ ਜਾ ਕੇ ਲੈਣੀਆਂ ਪੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼ੇ੍ਰਣੀਆਂ ਅਤੇ ਜਨਰਲ ਸ਼ੇ੍ਰਣੀ ਦੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਪ੍ਰੈਸ਼ਰ ਕੂਕਰ, ਗੈਸ ਚੁੱਲ੍ਹਾ ਅਤੇ ਗੈਸ ਕੁਨੈਕਸ਼ਨ ਦੇ ਨਾਲ ਖੰਡ 10 ਰੁਪਏ ਪ੍ਰਤੀ ਕਿੱਲੋ ਅਤੇ 2 ਕਿਲੋ ਘਿਓ 25 ਰੁਪਏ ਪ੍ਰਤੀ ਕਿੱਲੋ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾ ਕੇ 2 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੱਠਜੋੜ ਸਰਕਾਰ ਵੱਲੋਂ ਬੇਘਰਿਆਂ ਲਈ ਘਰ ਅਤੇ ਕੱਚੇ ਮਕਾਨਾਂ ਨੂੰ ਪੱਕਾ ਕੀਤਾ ਜਾਵੇਗਾ ਤਾਂਜੋ ਉਹ ਲੋਕ ਵੀ ਆਪਣੇ ਘਰ ਦਾ ਆਨੰਦ ਮਾਣ ਸਕਣ। ਕੈਪਟਨ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਚੋਣ ਮੈਨੀਫੈਸਟੋ ’ਚ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਕੁੰਭੜਾ, ਲੇਬਰਫੈਡ ਪੰਜਾਬ ਦੇ ਐਮ.ਡੀ. ਪਰਮਿੰਦਰ ਸਿੰਘ ਸੋਹਾਣਾ, ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ, ਭਾਜਪਾ ਆਗੂ ਪਰਮਜੀਤ ਸਿੰਘ ਵਾਲੀਆ, ਲਾਭ ਸਿੰਘ, ਰਵੀ ਨੰਬਰਦਾਰ, ਠਾਕੁਰ ਵਿਸ਼ਵਨਾਥ ਸਿੰਘ ਵਾਈਸ ਚੇਅਰਮੈਨ ਪ੍ਰਵਾਸੀ ਭਲਾਈ ਬੋਰਡ ਪੰਜਾਬ, ਸ਼ਮਸ਼ੇਰ ਕੌਰ ਸਰਪੰਚ, ਕਰਤਾਰ ਸਿੰਘ, ਜਸਵਿੰਦਰ ਸਿੰਘ ਪੰਚ, ਬੀਰ ਪ੍ਰਤਾਪ ਸਿੰਘ, ਸਰਪੰਚ ਸ਼ੇਰ ਸਿੰਘ ਬੜਮਾਜਰਾ, ਸ਼ਮਸ਼ੇਰ ਕੌਰ ਗ੍ਰੀਨ ਇੰਕਲੇਵ ਸਰਪੰਚ, ਬਲਜੀਤ ਸਿੰਘ ਬਲਾਕ ਸਮਿਤੀ ਮੈਂਬਰ, ਐਨ.ਕੇ. ਰਾਣਾ, ਰਣਜੀਤ ਸਿੰਘ, ਜਰਨੈਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਬਲੌਂਗੀ ਦੇ ਲੋਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…