ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਪੰਜਾਬ ਦੇ ਹੱਕਾਂ ਦੀ ਰਾਖੀ: ਚੰਦੂਮਾਜਰਾ

ਮੁਹਾਲੀ ਵਿੱਚ ਅਕਾਲੀ ਦਲ ਨੇ ਚੰਦੂਮਾਜਰਾ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ

ਨਬਜ਼-ਏ-ਪੰਜਾਬ, ਮੁਹਾਲੀ, 29 ਮਈ:
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਰਾਖੀ ਕਰ ਸਕਦਾ ਹੈ। ਇੱਥੇ ਇੱਕ ਰੋਡ ਸ਼ੋਅ ਦੌਰਾਨ ਫੇਜ਼-11 ਵਿੱਚ ਸੰਬੋਧਨ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਹੁਣ ਫੈਸਲਾ ਪੰਜਾਬੀਆਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਹਿਤੈਸ਼ੀ ਪਾਰਟੀ ਦੇ ਹੱਥ ਮਜਬੂਤ ਕਰਕੇ ਦਿੱਲੀ ਦੇ ਧਾੜਵੀਆਂ ਤੋਂ ਆਪਣੇ ਹੱਕ ਹਕੂਕ ਅਤੇ ਜ਼ਮੀਨ ਜਾਇਦਾਦ ਨੂੰ ਬਚਾਉਣਾ ਹੈ ਜਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਕਠਪੁਤਲੀ ਨੇਤਾਵਾਂ ਪਿੱਛੇ ਲੱਗ ਕੇ ਆਪਣੇ ਹਿੱਤਾਂ ਨੂੰ ਦਾਅ ’ਤੇ ਲਾਉਣਾ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਦੇਸ਼ ਵਿੱਚ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੁਰਬਾਨੀਆਂ ਦਿੱਤੀਆਂ, ਤਸੀਹੇ ਝੱਲੇ ਤੇ ਜੇਲਾਂ ਕੱਟੀਆਂ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਹਿਲਾਂ ਇਕੱਲੀ ਕਾਂਗਰਸ ਸੂਬਿਆਂ ਦੇ ਹੱਕਾਂ ਤੇ ਡਾਕੇ ਮਾਰਦੀ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋ ਹੋਰ ਨਵੀਆਂ ਕੇਂਦਰੀ ਤਾਕਤਾਂ ਪੈਦਾ ਹੋ ਗਈਆਂ ਹਨ, ਜੋ ਕੇਂਦਰ ਨੂੰ ਮਜ਼ਬੂਤ ਕਰਕੇ ਪੰਜਾਬ ਵਰਗੇ ਵਿਕਸਿਤ ਤੇ ਉੱਨਤ ਸੂਬਿਆਂ ਨੂੰ ਆਰਥਿਕ ਸਮਾਜਿਕ ਅਤੇ ਬੌਧਿਕ ਪੱਖ ਤੋਂ ਕੰਗਾਲ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਕੇਂਦਰੀ ਤਾਕਤਾਂ ਤੋਂ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਉਮੀਦਵਾਰ ਦਾ ਪਾਰਲੀਮੈਂਟ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਅਤੇ ਪੰਥ ਦੇ ਮੁੱਦੇ ਦੇਸ਼ ਦੇ ਸਾਹਮਣੇ ਲਿਆਂਦੇ ਜਾ ਸਕਣ। ਅਕਾਲੀ ਉਮੀਦਵਾਰ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਸੂਝਵਾਨ ਵੋਟਰਾਂ ਨੇ ਪਹਿਲਾਂ 2014 ਵਿੱਚ ਵੀ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਅਤੇ ਉਨ੍ਹਾਂ ਉਸ ਵੇਲੇ ਕਿਸਾਨਾਂ ਤੇ ਵਪਾਰੀਆਂ ਤੋਂ ਲੈ ਕੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਰੱਖਿਆ।
ਇਸ ਤੋਂ ਪਹਿਲਾਂ ਜਦ ਦੋ ਵਾਰ ਉਨ੍ਹਾਂ ਨੇ ਪਟਿਆਲਾ ਹਲਕੇ ਦੀ ਨੁਮਾਇੰਦਗੀ ਕੀਤੀ ਤਾਂ ਪੰਜਾਬ ਖਾਸ ਕਰਕੇ ਸਿੱਖਾਂ ਨਾਲ ਸੰਬੰਧਿਤ ਮੁੱਦੇ ਰੱਖੇ ਅਤੇ ਬਹੁਤ ਸਾਰੇ ਮੁੱਦਿਆਂ ਉੱਪਰ ਪਾਰਲੀਮੈਂਟ ਨੂੰ ਪਾਸ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਲੋਕ ਖਾਸ ਕਰਕੇ ਨੌਜਵਾਨ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ, ਇਸ ਤੋਂ ਜ਼ਾਹਰ ਹੈ ਕਿ ਸੂਝਵਾਨ ਲੋਕ ਇਹ ਸਮਝ ਗਏ ਹਨ ਕਿ ਪੰਜਾਬ ਦੇ ਹਿੱਤ ਸਿਰਫ਼ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਜਿਸ ਕੋਲ ਮੋਰਚਿਆਂ, ਜੇਲ੍ਹਾਂ ਤੇ ਕੁਰਬਾਨੀਆਂ ਦਾ ਇਤਿਹਾਸ ਹੈ।

ਇਸ ਮੌਕੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘਠ ਤਸਿੰਬਲੀ, ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ, ਪਰਮਜੀਤ ਸਿੰਘ ਕਾਹਲੋਂ, ਹਰਮਨਪ੍ਰੀਤ ਸਿੰਘ ਪ੍ਰਿੰਸ, ਕੌਂਸਲਰ ਬੀਬੀ ਹਰਜਿੰਦਰ ਕੌਰ, ਨਵਪ੍ਰੀਤ ਕੌਰ ਚੰਦੂਮਾਜਰਾ, ਯੂਥ ਆਗੂ ਅਜੈਪਾਲ ਸਿੰਘ ਮਿੱਡੂਖੇੜਾ, ਰਵਿੰਦਰ ਸਿੰਘ ਨਾਗੀ, ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਸਰਕਲ ਪ੍ਰਧਾਨ ਹਰਪਾਲ ਸਿੰਘ ਬਰਾੜ, ਸਰਕਲ ਪ੍ਰਧਾਨ ਸਤਨਾਮ ਸਿੰਘ ਮਲਹੋਤਰਾ, ਨਰਿੰਦਰ ਸਿੰਘ ਸੰਧੂ, ਜਸਵੀਰ ਕੌਰ ਜੱਸੀ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਬਲਵਿੰਦਰ ਸਿੰਘ ਮੁਲਤਾਨੀ, ਅਮਰੀਕ ਸੈਣੀ, ਸਿਮਰਨਜੋਤ ਸਿੰਘ ਵਾਲੀਆ, ਦਰਸ਼ਨ ਸਿੰਘ ਕਲਸੀ, ਪਰਦੀਪ ਸਿੰਘ ਭਾਰਜ, ਸੁਖਮਿੰਦਰ ਸਿੰਘ ਸਿੰਦੀ, ਬਲਵਿੰਦਰ ਸਿੰਘ ਬੇਦੀ, ਤਰਨਪ੍ਰੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਬੜ੍ਹੀ, ਕਮਲਜੀਤ ਸਿੰਘ ਕੰਮਾਂ ਬੜ੍ਹੀ, ਕਰਮ ਸਿੰਘ ਬਬਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…