ਆਨਲਾਈਨ ਜੌਬ ਫਰਾਡ ਰੈਕੇਟ: ਪੰਜਾਬ ਪੁਲੀਸ ਦੀ ਸਾਈਬਰ ਕ੍ਰਾਈਮ ਵੱਲੋਂ ਚਾਰ ਸਾਈਬਰ ਧੋਖੇਬਾਜ਼ ਆਸਾਮ ਤੋਂ ਗ੍ਰਿਫ਼ਤਾਰ

ਭਰੋਸਾ ਹਾਸਲ ਕਰਨ ਲਈ ਛੋਟੇ-ਮੋਟੇ ਕੰਮ ਕਰਨ ਲਈ ਪੀੜਤਾਂ ਨੂੰ ਦਿੰਦੇ ਸੀ ਪੈਸਿਆਂ ਦਾ ਲਾਲਚ : ਡੀਜੀਪੀ ਗੌਰਵ ਯਾਦਵ

ਮੁੱਢਲੀ ਜਾਂਚ ਅਨੁਸਾਰ ਵਿਦੇਸ਼ ਬੈਠੇ ਸਰਗਨਾ ਕ੍ਰਿਪਟੋਕਰੰਸੀ ਰਾਹੀਂ ਪ੍ਰਾਪਤ ਕਰਦੇ ਸਨ ਠੱਗੀ ਦੇ ਪੈਸੇ: ਵੀ. ਨੀਰਜਾ

ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ:
ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਅਸਾਮ ’ਚੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਆਨਲਾਈਨ ਜੌਬ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਦੇ ‘ਟੈਲੀਗਰਾਮ’ ਮੋਬਾਈਲ ਐਪ ਦੇ ਗਰੁੱਪਾਂ ਦੀ ਵਰਤੋਂ ਕਰਕੇ ‘ਵਰਕ ਫਰਾਮ ਹੋਮ’ ਨੌਕਰੀਆਂ ਦੀ ਪੇਸ਼ਕਸ਼ ਕਰਕੇ ਭੋਲੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਮੁਲਜ਼ਮਾਂ ਦੀ ਪਛਾਣ ਜਹੀਰੁਲ ਇਸਲਾਮ, ਰਫੀਉਲ ਇਸਲਾਮ, ਮਹਿਬੂਬ ਆਲਮ ਅਤੇ ਅਜ਼ੀਜ਼ੁਰ ਰਹਿਮਾਨ ਵਜੋਂ ਹੋਈ ਹੈ। ਇਸ ਸਬੰਧੀ 13 ਅਕਤੂਬਰ 2023 ਨੂੰ ਮੁਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਥਾਣੇ ਵਿੱਚ ਧਾਰਾ 420 ਅਤੇ 120-ਬੀ ਦੇ ਤਹਿਤ ਦਰਜ ਕੀਤਾ ਗਿਆ ਸੀ। ਜਿਸ ਦੀ ਪੜਤਾਲ ਦੌਰਾਨ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਭਰੋਸਾ ਹਾਸਲ ਕਰਨ ਲਈ ਪਹਿਲਾਂ ਪੀੜਤਾਂ ਨੂੰ ਛੋਟੇ-ਮੋਟੇ ਕੰਮ ਕਰਨ ਬਦਲੇ ਥੋੜੀ ਜਿਹੀ ਰਕਮ ਅਦਾ ਕਰਦੇ ਸਨ। ਬਾਅਦ ਵਿੱਚ ਪੀੜਤ ਨੂੰ ਵੱਡੀ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਠੱਗਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਫੈਲੇ ਸਾਈਬਰ ਧੋਖਾਧੜੀ ਗੱਠਜੋੜ ਨੂੰ ਨੱਥ ਪਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ। ਮੁਲਜ਼ਮਾਂ ਕੋਲੋਂ ਦੋ ਸਵਾਈਪ ਮਸ਼ੀਨਾਂ, ਦੋ ਬਾਇਓ ਮੈਟ੍ਰਿਕ ਸਕੈਨਰ, ਇੱਕ ਆਈ ਸਕੈਨਰ, ਇੱਕ ਫਿੰਗਰ ਪਿੰ੍ਰਟ ਸਕੈਨਰ, 38 ਪੈਨ ਕਾਰਡ, 32 ਡੈਬਿਟ/ਕਰੈਡਿਟ ਕਾਰਡ, 16 ਸਿਮ ਕਾਰਡ, 10 ਵੋਟਰ ਕਾਰਡ, 9 ਆਧਾਰ ਕਾਰਡ, 10 ਬੈਂਕ ਖਾਤੇ ਦੀਆਂ ਪਾਸਬੁੱਕਾਂ/ਚੈੱਕਬੁੱਕਾਂ, ਪੰਜ ਸਰਕਾਰੀ ਰਸੀਦੀ ਟਿਕਟਾਂ, ਪੰਜ ਮੋਬਾਈਲ ਫ਼ੋਨ, ਇੱਕ ਲੈਪਟਾਪ, ਦੋ ਪੈਨ ਡਰਾਈਵਾਂ ਅਤੇ ਇੱਕ ਐਸਬੀਆਈ ਆਈਡੀ ਕਾਰਡ ਬਰਾਮਦ ਕੀਤਾ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਧੋਖੇਬਾਜ਼ਾਂ ਵੱਲੋਂ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਇੱਕ ਅੌਰਤ ਦੀ ਸ਼ਿਕਾਇਤ ਤੋਂ ਬਾਅਦ ਸਬ ਇੰਸਪੈਕਟਰ ਜੁਝਾਰ ਸਿੰਘ ਜੰਜੂਆ ਅਤੇ ਦਵਿੰਦਰ ਕਾਸ਼ਨੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਟੀਮ ਨੇ ਮੁੱਢਲੀ ਜਾਂਚ ਵਿੱਚ ਪਾਇਆ ਕਿ ਇਹ ਗਰੋਹ ਆਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚਲਾਇਆ ਜਾ ਰਿਹਾ ਸੀ।
ਅਪਰੇਸ਼ਨ ਦੌਰਾਨ ਮੁਲਜ਼ਮ ਜਹੀਰੁਲ ਇਸਲਾਮ ਅਤੇ ਰਫੀਉਲ ਇਸਲਾਮ ਨੂੰ ਆਸਾਮ ਦੇ ਨਗਾਓਂ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਕਸਟਮਰ ਸਰਵਿਸਿਜ਼ ਪੁਆਇੰਟ (ਸੀਐਸਪੀ) ਚਲਾ ਰਹੇ ਸਨ ਅਤੇ ਸੁਖਾਲੇ ਢੰਗ ਨਾਲ ਪੈਸੇ ਕਮਾਉਣ ਲਈ ਉਹ ਆਮ ਲੋਕਾਂ ਦੇ ਦਸਤਾਵੇਜ਼ਾਂ ਦੇ ਅਡੋਬ ਫੋਟੋਸ਼ਾਪ ਸਾਫ਼ਟਵੇਅਰ ਦੀ ਵਰਤੋਂ ਕਰਕੇ ਡੁਪਲੀਕੇਟ ਪੈਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਬਣਾਉਂਦੇ ਸਨ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਨੇ ਬੈਂਕ ਖਾਤੇ ਖੋਲ੍ਹਣ ਅਤੇ ਇਕ ਹੋਰ ਮੁਲਜ਼ਮ ਮਹਿਬੂਬ ਆਲਮ ਦੇ ਨਿਰਦੇਸ਼ਾਂ ’ਤੇ ਸਿਮ ਕਾਰਡ ਪ੍ਰਾਪਤ ਕਰਨ ਲਈ ਕੀਤਾ ਸੀ। ਇਸ ਤੋਂ ਬਾਅਦ ਮਹਿਬੂਬ ਆਲਮ ਨੂੰ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਹ ਅਜ਼ੀਜ਼ੁਰ ਰਹਿਮਾਨ ਦੇ ਸੰਪਰਕ ਵਿੱਚ ਸੀ, ਜਿਸ ਨੇ ਉਸ ਨੂੰ ਕਮਿਸ਼ਨ ਦੇ ਆਧਾਰ ’ਤੇ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਕਿਹਾ ਸੀ। ਪੁਲੀਸ ਨੇ ਆਸਾਮ ਦੇ ਮੋਰੀਗਾਂਵ ਤੋਂ ਮੁਲਜ਼ਮ ਅਜ਼ੀਜ਼ੁਰ ਰਹਿਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਹੁਣ ਤੱਕ 23 ਸੂਬਿਆਂ ਦੇ 160 ਪੀੜਤਾਂ ਨਾਲ ਧੋਖਾਧੜੀ ਕੀਤੀ ਗਈ ਹੈ। ਜਾਂਚ ਦੌਰਾਨ ਹੋਰ ਪੀੜਤਾਂ ਦੀ ਪਛਾਣ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਸਰਗਨਾ ਜੋ ਵਿਦੇਸ਼ਾਂ ਤੋਂ ਇਸ ਧੋਖਾਧੜੀ ਦੇ ਰੈਕੇਟ ਨੂੰ ਚਲਾ ਰਹੇ ਹਨ, ਕ੍ਰਿਪਟੋਕਰੰਸੀ ਵਿੱਚ ਪੈਸੇ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡੀਐਸਪੀ ਸਾਈਬਰ ਕ੍ਰਾਈਮ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਆਸ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…