ਕੋਈ ਵੀ ਗਰਭਵਤੀ ਅੌਰਤ ਮਿਆਰੀ ਸਿਹਤ ਸੇਵਾਵਾਂ ਤੋਂ ਵਾਂਝੀ ਨਾ ਰਹੇ: ਸਿਵਲ ਸਰਜਨ

ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸਮੂਹ ਐਸਐਮਓਜ਼ ਨੂੰ ਜਾਰੀ ਕੀਤੀਆਂ ਹਦਾਇਤਾਂ

ਗਰਭਵਤੀ ਅੌਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੀ ਜਣੇਪਾ ਕਰਵਾਉਣ ਦੀ ਅਪੀਲ

ਨਬਜ਼-ਏ-ਪੰਜਾਬ, ਮੁਹਾਲੀ, 12 ਮਈ:
ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ ਕੋਈ ਵੀ ਗਰਭਵਤੀ ਅੌਰਤ ਮਿਆਰੀ ਸਿਹਤ ਸੇਵਾਵਾਂ ਅਤੇ ਲੋੜੀਂਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗਰਭਵਤੀ ਅੌਰਤਾਂ ਦਾ ਜਲਦੀ ਪੰਜੀਕਰਣ ਕੀਤਾ ਜਾਵੇ ਅਤੇ ਉੱਚ-ਜੋਖਮ ਵਾਲੀਆਂ ਗਰਭਵਤੀ ਅੌਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤਰ੍ਹਾਂ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ’ਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਕੇਂਦਰ ਵਿੱਚ ਕੋਈ ਵੀ ਗਰਭਵਤੀ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਉੱਚ-ਜੋਖਮ ਵਾਲੀ ਪ੍ਰਤੀਤ ਹੋਵੇ ਜਿਵੇਂ ਬੀਪੀ ਵਧਦਾ ਹੋਵੇ, ਖੂਨ 7 ਗਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ‘ਤੇ ਰੈਫ਼ਰ ਕੀਤਾ ਜਾਵੇ। ਉਨ੍ਹਾਂ ਗਰਭਵਤੀ ਅੌਰਤਾਂ ਨੂੰ ਅਪਣਾ ਜਣੇਪਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉਣ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜੱਚਾ ਅਤੇ ਬੱਚਾ ਨੂੰ ਉੱਚ ਪੱਧਰ ਦੀਆਂ ਜਾਂਚ, ਇਲਾਜ ਤੇ ਜਣੇਪਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੁਫ਼ਤ ਸਹੂਲਤਾਂ ਵਿੱਚ ਮੁਫ਼ਤ ਜਾਂਚ ਅਤੇ ਦਵਾਈਆਂ, ਮੁਫ਼ਤ ਅਲਟਰਾਸਾਊਂਡ, ਮੁਫ਼ਤ ਖਾਣਾ, ਸਿਹਤ ਸੰਸਥਾ ਤਕ ਆਉਣ ਅਤੇ ਵਾਪਸ ਘਰ ਜਾਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ। ਇਸੇ ਤਰ੍ਹਾਂ ਨਵਜੰਮੇ ਬੱਚੇ ਨੂੰ ਇਕ ਸਾਲ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…