ਸੀਪੀ-67 ਸ਼ਾਪਿੰਗ ਮਾਲ ਦੇ ਬਾਹਰ ਗੋਲੀਆਂ ਮਾਰ ਕੇ ਗੈਂਗਸਟਰ ਰਾਜੇਸ਼ ਡੋਗਰਾ ਦਾ ਕਤਲ

ਹਾਲ ਹੀ ਵਿੱਚ ਜੰਮੂ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਸੀ ਰਾਜੇਸ਼ ਡੋਗਰਾ

ਅਪਰਾਧਿਕ ਪਿਛੋਕੜ ਵਾਲਾ ਸੀ ਰਾਜੇਸ਼ ਡੋਗਰਾ, ਵੱਖ-ਵੱਖ ਥਾਣਿਆਂ ਵਿੱਚ ਦਰਜ ਸਨ 8 ਕੇਸ

ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਮੁਹਾਲੀ ਦੇ ਸੈਕਟਰ-67 ਵਿੱਚ ਸੋਮਵਾਰ ਨੂੰ ਦਿਨ-ਦਿਹਾੜੇ ਸੀਪੀ-67 ਸ਼ਾਪਿੰਗ ਮਾਲ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਉਰਫ਼ ਮੋਹਨ (45) ਵਾਸੀ ਜੰਮੂ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮ੍ਰਿਤਕ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਉਸ ਦੇ ਗੈਂਗਸਟਰਾਂ ਨਾਲ ਸਬੰਧ ਸਨ ਅਤੇ ਇਸ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਤੋਂ ਹਮਲਾਵਰ ਸ਼ਾਪਿੰਗ ਮਾਲ ਦੇ ਬਾਹਰ ਦੋ ਗੱਡੀਆਂ (ਇਨੋਵਾ\ਕਰੇਟਾ) ਵਿੱਚ ਰਾਜੇਸ਼ ਡੋਗਰਾ ਦਾ ਇੰਤਜ਼ਾਰ ਕਰ ਰਹੇ ਸਨ। ਇਕ ਗੱਡੀ ਦਾ ਨੰਬਰ ਚੰਡੀਗੜ੍ਹ ਅਤੇ ਦੂਜੀ ਦਾ ਜੰਮੂ ਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਰਾਜੇਸ਼ ਡੋਗਰਾ ਨਾਲ ਦੋ ਵਿਅਕਤੀ ਹੋਰ ਵੀ ਸਨ। ਜੋ ਜੰਮੂ ਤੋਂ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਘੁੰਮਣ ਆਏ ਸੀ। ਪਤਾ ਲੱਗਾ ਹੈ ਕਿ ਡੋਗਰਾ ਨਾਲ ਜੰਮੂ ਤੋਂ ਘੁੰਮਣ ਆਇਆ ਵਿਅਕਤੀ ਹੀ ਹਮਲਾਵਰਾਂ ਨੂੰ ਪਲ-ਪਲ ਦੀ ਖ਼ਬਰ ਦੇ ਰਿਹਾ ਸੀ। ਜਿਵੇਂ ਹੀ ਡੋਗਰਾ ਸੀਪੀ-67 ਸ਼ਾਪਿੰਗ ਮਾਲ ’ਚੋਂ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਕਰੀਬ ਡੇਢ ਦਰਜਨ ਫਾਇਰ ਕੀਤੇ ਗਏ ਹਨ। ਜਦੋਂਕਿ ਪੁਲੀਸ ਦਾ ਮੰਨਣਾ ਹੈ ਕਿ 9 ਤੋਂ 10 ਫਾਇਰ ਹੋਏ ਹਨ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ, ਐਸਪੀ ਹਰਬੀਰ ਸਿੰਘ ਅੰਟਾਲ, ਐਸਪੀ ਜਯੋਤੀ ਯਾਦਵ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬਾਅਦ ਵਿੱਚ ਪੰਜਾਬ ਪੁਲੀਸ ਦੇ ਏਡੀਜੀਪੀ ਜਸਕਰਨ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ।
ਪੁਲੀਸ ਰਿਕਾਰਡ ਮੁਤਾਬਕ ਮ੍ਰਿਤਕ ਰਾਜੇਸ਼ ਡੋਗਰਾ ਦੇ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਅੱਠ ਅਪਰਾਧਿਕ ਪਰਚੇ ਦਰਜ ਸਨ ਅਤੇ ਉਹ ਹਾਲ ਹੀ ਵਿੱਚ ਇੱਕ ਅਪਰਾਧਿਕ ਮਾਮਲੇ ਵਿੱਚ ਜ਼ਮਾਨਤ ’ਤੇ ਜੰਮੂ ਜੇਲ੍ਹ ਤੋਂ ਬਾਹਰ ਆਇਆ ਸੀ। ਏਡੀਜੀਪੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਮਾਮਲੇ ਵਿੱਚ ਜੰਮੂ ਨਾਲ ਸਬੰਧਤ ਚਾਰ ਵਿਅਕਤੀ ਸ਼ਾਮਲ ਹਨ। ਜਿਨ੍ਹਾਂ ’ਚੋਂ ਇੱਕ ਹਮਲਾਵਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਦੋ ਵਾਹਨ, ਹਥਿਆਰ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਪ੍ਰਤੱਖਦਰਸ਼ੀਆਂ ਦੇ ਦੱਸਣ ਅਨੁਸਾਰ ਘਟਨਾ ਤੋਂ ਬਾਅਦ ਇੱਕ ਵਿਅਕਤੀ ਅਸਲੇ ਸਣੇ ਭੱਜ ਕੇ ਸ਼ਾਪਿੰਗ ਮਾਲ ਦੇ ਅੰਦਰ ਵੜ ਗਿਆ ਸੀ। ਇਸ ਦੀ ਪੁਸ਼ਟੀ ਸ਼ਾਪਿੰਗ ਮਾਲ ਦੀ ਇੱਕ ਮਹਿਲਾ ਸੁਰੱਖਿਆ ਗਾਰਡ ਨੇ ਕੀਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਮਾਲ ਨੂੰ ਚੁਫੇਰਿਓਂ ਘੇਰਾ ਪਾ ਕੇ ਸਰਚ ਅਭਿਆਨ ਚਲਾਇਆ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਇਹ ਉਹੀ ਵਿਅਕਤੀ ਹੈ, ਜੋ ਵਾਰਦਾਤ ਸਮੇਂ ਉੱਥੇ ਦੇਖਿਆ ਗਿਆ। ਇਸ ਦੌਰਾਨ ਸ਼ਾਪਿੰਗ ਮਾਲ ਦੇ ਇੱਕ ਅਧਿਕਾਰੀ ਨੇ ਕਵਰੇਜ ਲਈ ਪਹੁੰਚੇ ਮੀਡੀਆ ਕਰਮੀਆਂ ਨਾਲ ਕਥਿਤ ਬਦਸਲੂਕੀ ਕੀਤੀ ਅਤੇ ਸਰਚ ਸਮੇਂ ਮਾਲ ਦੇ ਅੰਦਰ ਜਾਣ ਤੋਂ ਰੋਕਿਆ ਗਿਆ।

ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁਹਾਲੀ ਏਅਰਪੋਰਟ ਸੜਕ ਸਮੇਤ ਸ਼ਾਪਿੰਗ ਮਾਲ ਅਤੇ ਆਸਪਾਸ ਦੀਆਂ ਮਾਰਕੀਟਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਸੜਕ ’ਤੇ ਡੁੱਲੇ ਖੂਨ ਅਤੇ ਹੋਰ ਲੋੜੀਂਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਹਮਲਾਵਰਾਂ ਖ਼ਿਲਾਫ਼ ਅਹਿਮ ਸੁਰਾਗ ਵੀ ਮਿਲੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…