ਮੁਹਾਲੀ ਪੁਲੀਸ ਦੇ ਸਾਈਬਰ ਅਪਰਾਧ ਸੈਲ ਵੱਲੋਂ ਗੈਰ ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼

50 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਅੌਰਤ ਸਣੇ ਅੱਠ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 18 ਜੂਨ:
ਮੁਹਾਲੀ ਪੁਲੀਸ ਦੇ ਸਾਈਬਰ ਅਪਰਾਧ ਸੈੱਲ ਨੇ ਸੈਕਟਰ-91 ਵਿੱਚ ਚੱਲ ਰਹੇ ਗੈਰ ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਪੀੜਤ ਲੋਕਾਂ ਨਾਲ ਲਗਪਗ 50 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਖ਼ੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਅੌਰਤ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਪਾਂਡੇਵਾਸੀ ਵਾਡਲਾ ਈਸਟ (ਮਹਾਰਾਸ਼ਟਰ), ਅਕਸ਼ੈ ਕੁਮਾਰ ਵਾਸੀ ਬਾਹੂ ਫੋਰਟ (ਜੰਮੂ-ਕਸ਼ਮੀਰ), ਪ੍ਰਦੀਸ ਦਾਸ ਵਾਸੀ ਚੰਗਲੰਗ (ਅਰੁਣਾਚਲ ਪ੍ਰਦੇਸ਼), ਅਮਿਤ ਤਿਵਾੜੀ ਤੇ ਅਰਪਿਤਾ ਸਰਬਾਬਿਦਿਆਂ ਦੋਵੇਂ ਵਾਸੀ ਨੋਰਥ 24 ਪਰਗਨਾ (ਪੱਛਮੀ ਬੰਗਾਲ), ਮੁਕੁਲ ਸਿੰਘ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼), ਸ਼ਾਨ ਸਕੀਨ ਤੇ ਅਰਫੀਨ ਸਦੀਕ ਵਾਸੀ ਕੋਲਕਾਤਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਸਾਰੇ ਮੁਲਜ਼ਮ ਐਕਮੇ ਈਡਨ ਕੋਰਟ ਸੈਕਟਰ-91 (ਮੁਹਾਲੀ) ਵਿੱਚ ਪੰਜਵੀਂ ਮੰਜ਼ਲ ’ਤੇ ਫਲੈਟ ਵਿੱਚ ਰਹਿ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 318(4), 61(2) ਅਤੇ ਆਈਟੀ ਐਕਟ ਦੀ ਧਾਰਾ 66-ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਾਈਬਰ ਅਪਰਾਧ ਤੇ ਫੋਰੈਂਸਿਕ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਸਾਈਬਰ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-91 ਦੇ ਇੱਕ ਫਲੈਟ ਵਿੱਚ ਗੈਰ ਕਾਨੂੰਨੀ ਢੰਗ ਨਾਲ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ। ਸੂਚਨਾ ਦੀ ਪੁਸ਼ਟੀ ਹੋਣ ’ਤੇ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ ਗਈ ਅਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਫ਼ਰਜ਼ੀ ਕਾਲ ਸੈਂਟਰ ਰਾਹੀਂ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਵੱਡੀ ਗਿਣਤੀ ’ਚ ਮੈਸੇਜ ਭੇਜ ਕੇ ਇਹ ਦੱਸਿਆ ਜਾਂਦਾ ਸੀ, ਕਿ ਉਨ੍ਹਾਂ ਵੱਲੋਂ ਕ੍ਰਿਪਟੋ ਕਰੰਸੀ ਖ਼ਰੀਦ ਕੀਤੀ ਗਈ ਹੈ, ਜਿਸ ਕਰਕੇ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਕੱਟੇ ਜਾਣਗੇ। ਨਾਲ ਹੀ ਇਹ ਲੋਕ ਇਸ ਤੋਂ ਬਚਣ ਲਈ ਆਪਣਾ ਸੰਪਰਕ ਨੰਬਰ ਦਿੰਦੇ ਸਨ। ਜਦੋਂ ਪੀੜਤ ਇਨ੍ਹਾਂ ਨਾਲ ਸੰਪਰਕ ਕਰਦਾ ਸੀ ਤਾਂ ਉਸ ਨੂੰ ਗੱਲਾਂ ਵਿੱਚ ਬਹਿਲਾ-ਫੁਸਲਾ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ।

ਡੀਐਸਪੀ ਸੋਹੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇੱਥੇ 6 ਮਹੀਨੇ ਤੋਂ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਮੁੱਢਲੀ ਜਾਂਚ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਇਹ ਗਰੋਹ ਹੁਣ ਤੱਕ ਲਗਪਗ 50 ਕਰੋੜ ਦੀ ਠੱਗੀ ਮਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਵਰਤੇ ਜਾ ਰਹੇ ਦਰਜਨ ਲੈਪਟਾਪ, ਭੋਲੇ-ਭਾਲੇ ਲੋਕਾਂ ਨਾਲ ਸੰਪਰਕ ਕਰਨ ਲਈ ਵਰਤੇ ਜਾ ਰਹੇ 14 ਮੋਬਾਈਲ ਫੋਨ ਅਤੇ ਇੱਕ ਸਕਾਰਪਿਓ ਗੱਡੀ ਬਰਾਮਦ ਕੀਤੀ ਗਈ ਹੈ। ਪੁਲੀਸ ਮਾਮਲੇ ਦੀ ਡੂੰਘਾਈ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਸੰਪਤੀ ਜ਼ਬਤ ਕਰਨ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…