Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੇ ਦੋ ਕਾਰਕੁਨ ਗ੍ਰਿਫ਼ਤਾਰ ਦੋਵਾਂ ਨੂੰ ਡੇਰਾਬੱਸੀ ਵਿੱਚ ਇਮੀਗਰੇਸ਼ਨ ਦਫ਼ਤਰ ’ਤੇ ਗੋਲੀਬਾਰੀ ਦਾ ਸੌਂਪਿਆ ਗਿਆ ਸੀ ਕੰਮ, 1 ਜ਼ਖ਼ਮੀ ਨਬਜ਼-ਏ-ਪੰਜਾਬ, ਮੁਹਾਲੀ, 12 ਅਪਰੈਲ: ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਲੜਾਈ ਵਿੱਚ ਅੱਜ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਜ਼ਿਲ੍ਹਾ ਮੁਹਾਲੀ ਪੁਲੀਸ ਨੇ ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਸਥਿਤ ਰੇਲਵੇ ਅੰਡਰ-ਬ੍ਰਿਜ ਦੇ ਨੇੜੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼-ਆਧਾਰਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਗੋਲਡੀ ਬਰਾੜ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਤੇ ਗੰਭੀਰ ਅਪਰਾਧਿਕ ਵਾਰਦਾਤ ਨੂੰ ਟਾਲ ਦਿੱਤਾ ਹੈ। ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਾਰਤਿਕ ਸਿੰਘ ਉਰਫ਼ ਰਵੀ ਵਾਸੀ ਨਾਰਾਇਣਗੜ੍ਹ, ਅੰਬਾਲਾ, (ਹਰਿਆਣਾ), ਅਤੇ ਦੀਪਕ ਉਰਫ਼ ਦੀਪੂ ਵਾਸੀ ਜਗਾਧਰੀ, (ਹਰਿਆਣਾ), ਜੋ ਮੌਜੂਦਾ ਸਮੇਂ ਡੇਰਾਬੱਸੀ ਵਿੱਚ ਰਹਿੰਦਾ ਹੈ, ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਉਨ੍ਹਾਂ ਦੇ ਹੈਂਡਲਰ ਗੋਲਡੀ ਬਰਾੜ ਅਤੇ ਭਾਨੂ ਰਾਣਾ ਦੇ ਨਿਰਦੇਸ਼ਾਂ ’ਤੇ ਡੇਰਾਬੱਸੀ ਦੇ ਕਾਲਜ ਰੋਡ ’ਤੇ ਸਥਿਤ ਇੱਕ ਇਮੀਗਰੇਸ਼ਨ ਦਫ਼ਤਰ ਉੱਤੇ ਗੋਲੀਬਾਰੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ, ’’ਭਰੋਸੇਯੋਗ/ਪੁਖ਼ਤਾ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਟੀਮਾਂ ਨੇ ਉਨ੍ਹਾਂ ਨੂੰ ਹਮਲਾ ਕਰਨ/ਪੀੜਤ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਹੀ ਕਾਮਯਾਬੀ ਨਾਲ ਰੋਕ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ।’’ ਐੱਸਐੱਸਪੀ ਨੇ ਕਿਹਾ ਕਿ ਗੋਲਡੀ ਬਰਾੜ ਗੈਂਗ ਨੇ ਇਮੀਗਰੇਸ਼ਨ ਦਫ਼ਤਰ ਵਿਖੇ 50 ਲੱਖ ਰੁਪਏ ਦੀ ਮੰਗ ਕਰਨ ਵਾਲੀ ਫਿਰੌਤੀ ਪਰਚੀ ਸੁੱਟੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ, ਬੀਐਨਐਸ ਦੀਆਂ ਧਾਰਾਵਾਂ 308 (2), 351 (1), ਅਤੇ 351 (3) ਦੇ ਤਹਿਤ ਕੇਸ ਨੰਬਰ 89, ਮਿਤੀ 10-04-2025, ਥਾਣਾ ਡੇਰਾਬੱਸੀ ਵਿਖੇ ਦਰਜ ਕੀਤਾ ਗਿਆ ਸੀ। ਇਸ ਉਪਰੰਤ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ। ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਟੀਮ ਨੇ ਇਲਾਕੇ ਤੋਂ ਸੁਰਾਗ ਅਤੇ ਸੀਸੀਟੀਵੀ ਫੁਟੇਜ ਇਕੱਠੇ ਕੀਤੇ, ਜਿਸ ਨਾਲ ਇੱਕ ਮੁਲਜ਼ਮ ਦੀ ਪਛਾਣ ਕਰਨ ਵਿੱਚ ਸਫਲਤਾ ਮਿਲੀ। ਐੱਸਐੱਸਪੀ ਦੀਪਕ ਪਾਰਿਕ ਨੇ ਕਿਹਾ, ’’ਅੱਜ ਦੋਵਾਂ ਦੇ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਾਰੇ ਮਿਲੀ ਸੂਹ ’ਤੇ ਤੁਰੰਤ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੰਬਾਲਾ-ਡੇਰਾਬੱਸੀ ਹਾਈਵੇਅ ‘ਤੇ ਰੇਲਵੇ ਅੰਡਰ-ਬ੍ਰਿਜ ਦੇ ਨੇੜੇ ਕਾਬੂ ਕਰਨ ਦੀ ਯੋਜਨਾ ਬਣਾਈ ਗਈ ਤਾਂ ਜੋ ਉਨ੍ਹਾਂ ਨੂੰ ਰੋਕਿਆ ਜਾ ਸਕੇ ਅਤੇ ਫੜਿਆ ਜਾ ਸਕੇ। ਕਾਰਵਾਈ ਦੌਰਾਨ, ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ ’ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ, ਮੁਲਜ਼ਮ ਰਵੀ ਦੀ ਖੱਬੀ ਲੱਤ ‘ਤੇ ਗੋਲੀ ਲੱਗੀ। ਚਾਰ ਕਾਰਤੂਸਾਂ ਦੇ ਨਾਲ ਇੱਕ .32 ਕੈਲੀਬਰ ਪਿਸਤੌਲ ਬਰਾਮਦ ਕੀਤਾ ਗਿਆ। ਐੱਸਐੱਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਯਮੁਨਾਨਗਰ ਦੇ ਰਹਿਣ ਵਾਲੇ ਭਾਨੂ ਰਾਣਾ ਰਾਹੀਂ ਗੈਂਗਸਟਰ ਤੋਂ ਅੱਤਵਾਦੀ ਬਣੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਏ ਸਨ, ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ। ’’ਇਸ ਇਮੀਗ੍ਰੇਸ਼ਨ ਦਫ਼ਤਰ ਨੂੰ ਸਤੰਬਰ 2024 ਵਿੱਚ ਵੀ ਇਸੇ ਗਿਰੋਹ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।’’ ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਬੀਐਨਐਸ ਦੀ ਧਾਰਾ 103 ਅਤੇ 25 (6)(7) ਅਸਲਾ ਐਕਟ ਦੇ ਤਹਿਤ 12-04-2025 ਨੂੰ ਲਾਲੜੂ ਥਾਣੇ ਵਿਖੇ ਇੱਕ ਤਾਜ਼ਾ ਐਫ਼ਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ