ਮੁਹਾਲੀ ਨਗਰ ਨਿਗਮ: ਵਿੱਤ ਤੇ ਠੇਕਾ ਕਮੇਟੀ ਨੇ 30 ਕਰੋੜ ਦੇ ਵਿਕਾਸ ਕਾਰਜਾਂ ਨੂੰ ਦਿੱਤੀ ਮਨਜ਼ੂਰੀ

ਬਰਸਾਤੀ ਪਾਣੀ ਨਾਲ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਤੇ ਨਵੇਂ ਡਰੇਨੇਜ ਸਿਸਟਮ ਦਾ ਕੰਮ ਸ਼ੁਰੂ: ਜੀਤੀ ਸਿੱਧੂ

ਨਬਜ਼-ਏ-ਪੰਜਾਬ, ਮੁਹਾਲੀ, 18 ਅਗਸਤ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਮੀਟਿੰਗ ਦੌਰਾਨ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਅਮਰਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰਵਾਨਿਤ ਵਿਕਾਸ ਕਾਰਜਾਂ ਵਿੱਚ 13 ਕਰੋੜ ਰੁਪਏ ਦੇ ਨਵੇਂ ਕੰਮ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਨ ਸਿਹਤ ਨਾਲ ਸਬੰਧਤ ਕੰਮਾਂ ਲਈ 7.60 ਕਰੋੜ ਅਤੇ ਨਵੇਂ ਵਿਕਾਸ ਕਾਰਜਾਂ ਲਈ 8.39 ਕਰੋੜ ਦਾ ਅਨੁਮਾਨ ਹੈ। ਮੀਟਿੰਗ ਦੌਰਾਨ 90 ਏਜੰਡਾ ਆਈਟਮਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੇਅਰ ਨੇ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਸਬੰਧੀ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ 75 ਸਾਲਾਂ ਤੱਕ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲਾ ਪਾਇਦਾਰ ਨਵਾਂ ਡਰੇਨੇਜ ਸਿਸਟਮ ਉਸਾਰਿਆ ਜਾਵੇਗਾ। ਇਸ ਪ੍ਰਾਜੈਕਟ ਦੀ ਮੁੱਢਲੀ ਲਾਗਤ ਲਗਪਗ 300 ਕਰੋੜ ਰੁਪਏ ਹੋਵੇਗੀ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਲਗਾਤਾਰ ਮੀਂਹ ਪੈਣ ਕਾਰਨ ਮਚੀ ਤਬਾਹੀ ਨੇ ਗਮਾਡਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਸੀ। ਇਸ ਲਈ ਹੁਣ ਨਵੇਂ ਡਰੇਨੇਜ ਸਿਸਟਮ ਦੀ ਲੋੜ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਨੇ ਮੀਂਹ ਦੇ ਪਾਣੀ ਕਾਰਨ ਸੜਕਾਂ ਦੇ ਨੁਕਸਾਨ ਦਾ ਸਰਵੇਖਣ ਅਤੇ ਮੁਲਾਂਕਣ ਕਰਨ ਤੋਂ ਬਾਅਦ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੜਕਾਂ ਦੀ ਮੁਰੰਮਤ ਲਈ ਆਧੁਨਿਕ ਤਕਨੀਕ ਨਾਲ ਲੈਸ ਆਟੋਮੈਟਿਕ ਪ੍ਰੈਸ਼ਰਾਈਜ਼ਡ ਇੰਜੈਕਸ਼ਨ ਮਸ਼ੀਨ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਨਗਰ ਨਿਗਮ ਨੂੰ ਸਮਾਂ ਅਤੇ ਪੈਸੇ ਦੀ ਬੱਚਤ ਹੋਵੇਗੀ। ਮੀਟਿੰਗ ਵਿੱਚ ਕਮਿਸ਼ਨਰ ਨਵਜੋਤ ਕੌਰ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਜਸਬੀਰ ਸਿੰਘ ਮਣਕੂ, ਅਨੁਰਾਧਾ ਆਨੰਦ, ਸਕੱਤਰ ਰੰਜੀਵ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ ਨਾਜਾਇਜ਼ ਕ…