ਚਨਾਲੋਂ ਅਗਨੀ ਕਾਂਡ: ਡੀਸੀ ਮੁਹਾਲੀ ਆਸ਼ਿਕਾ ਜੈਨ ਵੱਲੋਂ ਨਿਆਇਕ ਜਾਂਚ ਦੇ ਹੁਕਮ

ਭਿਆਨਕ ਅੱਗ ਬੁਝਾਉਣ ਲਈ ਫਾਇਰ ਕਰਮੀਆਂ ਦੇ ਯਤਨਾਂ ਦੀ ਕੀਤੀ ਭਰਵੀਂ ਸ਼ਲਾਘਾ

ਮੁੱਖ ਮੰਤਰੀ ਰਾਹਤ ਫੰਡ ’ਚੋਂ ਵਿੱਤੀ ਮਦਦ ਦੇ ਨਾਲ-ਨਾਲ ਜ਼ਖ਼ਮੀਆਂ ਦੀ ਸੰਭਾਲ ਕੀਤੀ ਜਾਵੇਗੀ: ਡੀਸੀ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕੈਮੀਕਲ ਫੈਕਟਰੀ ਚਨਾਲੋਂ ਵਿੱਚ ਬੁੱਧਵਾਰ ਨੂੰ ਲੱਗੀ ਭਿਆਨਕ ਅੱਗ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸਮੁੱਚੇ ਮਾਮਲੇ ਦੀ ਤੈਅ ਤੱਕ ਜਾਣ ਲਈ ਨਿਆਇਕ ਜਾਂਚ ਦੇ ਹੁਕਮ ਜਾਰੀ ਗਏ ਹਨ। ਜਾਂਚ ਏਡੀਸੀ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੂੰ ਸੌਂਪੀ ਗਈ ਹੈ। ਜਿਸ ਵਿੱਚ ਖਰੜ ਦੇ ਐਸਡੀਐਮ ਰਵਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੱਜ ਇੱਥੇ ਦੇਰ ਸ਼ਾਮ ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਬਚਾਅ ਕਾਰਜਾਂ ਦਾ ਜਾਇਜ਼ਾ ਵੀ ਲਿਆ।
ਡੀਸੀ ਨੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਸਾਇਣ ਹੋਣ ਕਾਰਨ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਸੀ ਪਰ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸਣ ਵਾਲੇ ਪੰਜ ਮਜ਼ਦੂਰਾਂ ’ਚੋਂ ਦੋ ਮਜ਼ਦੂਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖ ਕੇ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ।
ਡੀਸੀ ਆਸ਼ਿਕਾ ਜੈਨ ਨੇ ਮੁਹਾਲੀ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਇਲਾਜ ਸਬੰਧੀ ਖ਼ਰਚੇ ਲਈ ਪੰਜਾਬ ਸਰਕਾਰ ਵੱਲੋਂ ਉਚਿੱਤ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ। ਅੱਗ ਵਿੱਚ ਝੁਲਸੀਆਂ ਮਹਿਲਾ ਮਜ਼ਦੂਰਾਂ ਦੇ ਵੇਰਵੇ ਨਸ਼ਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ ’ਚੋਂ ਤਿੰਨ ਅੌਰਤਾਂ ਦਾ ਸਰਕਾਰੀ ਹਸਪਤਾਲ ਫੇਜ਼-6 (ਮੁਹਾਲੀ) ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਦੋ ਹੋਰ ਮਹਿਲਾ ਮਰੀਜ਼ ਚੰਡੀਗੜ੍ਹ ਦੇ ਜੀਐਮਸੀਐਚ ਵਿੱਚ ਦਾਖ਼ਲ ਹਨ, ਜਿਨ੍ਹਾਂ ’ਚੋਂ ਅੰਜੂ 70 ਫੀਸਦੀ ਝੁਲਸ ਗਈ ਹੈ ਜਦੋਂਕਿ ਦੂਜੀ ਅੌਰਤ ਸੰਧਿਆ 50 ਫੀਸਦੀ ਸੜਨ ਕਰਨ ਇਲਾਜ ਅਧੀਨ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਪਹਿਲੀ ਅਤੇ ਮੁੱਖ ਕੋਸ਼ਿਸ਼ ਅੱਗ ’ਤੇ ਕਾਬੂ ਪਾਉਣਾ ਅਤੇ ਜ਼ਖ਼ਮੀ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਸੀ। ’’ਅਸੀਂ ਬਾਅਦ ਵਿੱਚ ਬੇਨਿਯਮੀਆਂ ਬਾਰੇ ਇੱਕ ਵਿਸਥਾਰ ਰਿਪੋਰਟ ਪ੍ਰਾਪਤ ਕਰਾਂਗੇ ਅਤੇ ਭੋਲੇ ਭਲੇ ਅਤੇ ਗਰੀਬ ਮਜ਼ਦੂਰਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ ਕਸੂਰਵਾਰਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਵਾਂਗੇ।’’ ਉਧਰ, ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਪੁਲੀਸ ਵੱਲੋਂ ਵੱਖਰੇ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…