ਮੁਹਾਲੀ: ਰੇਲਵੇ ਪਟੜੀ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਸਨਸਨੀ ਫੈਲੀ, ਕਤਲ ਦੀ ਸ਼ੰਕਾ

ਰੇਲਵੇ ਪਟੜੀ ’ਤੇ ਚਾਰ ਟੁਕੜੇ ਹੋਏ ਮਿਲੇ ਦੋਵੇਂ ਨੌਜਵਾਨਾਂ ਦੇ ਮ੍ਰਿਤਕ ਸਰੀਰ, ਫੋਰੈਂਸਿਕ ਮਾਹਰਾਂ ਦੀ ਟੀਮ ਵੀ ਮੌਕੇ ’ਤੇ ਪਹੁੰਚੀ

ਰੇਲਵੇ ਪੁਲੀਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭੀ, ਮ੍ਰਿਤਕਾਂ ਨੌਜਵਾਨਾਂ ਦੀ ਨਹੀਂ ਹੋਈ ਪਛਾਣ

ਨਬਜ਼-ਏ-ਪੰਜਾਬ, ਮੁਹਾਲੀ, 8 ਜਨਵਰੀ:
ਮੁਹਾਲੀ ਰੇਲਵੇ ਲਾਈਨ ਉੱਤੇ ਸੋਮਵਾਰ ਨੂੰ ਸਵੇਰੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਰੇਲਵੇ ਪਟੜੀ ’ਤੇ ਦੋਵੇਂ ਨੌਜਵਾਨਾਂ ਦੇ ਮ੍ਰਿਤਕ ਸਰੀਰ ਚਾਰ ਟੁਕੜਿਆਂ ਵਿੱਚ ਮਿਲੇ। ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਰੇਲਵੇ ਪੁਲੀਸ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਹਨ ਅਤੇ ਘਟਨਾ ਦਾ ਜਾਇਜ਼ਾ ਲਿਆ।
ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਇਨ੍ਹਾਂ ਨੌਜਵਾਨਾਂ ਨੂੰ ਕਤਲ ਕਰਨ ਤੋਂ ਬਾਅਦ ਰੇਲ ਦੀ ਪਟੜੀ ਉੱਤੇ ਸੁੱਟ ਦਿੱਤਾ ਗਿਆ ਹੋਵੇ, ਤਾਂ ਜੋ ਦੇਖਣ ਨੂੰ ਇਹ ਹਾਦਸਾ ਜਾਪੇ। ਉਧਰ, ਰੇਲਵੇ ਲਾਈਨ ਨੇੜਿਓਂ ਲੰਘਦੀ ਪਿੰਡ ਚਿੱਲਾ ਦੀ ਲਿੰਕ ਸੜਕ ਤੋਂ ਰੇਲਵੇ ਪਟੜੀ ਤੱਕ ਖੂਨ ਦੇ ਨਿਸ਼ਾਨ ਵੀ ਦੇਖੇ ਗਏ ਹਨ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ, ਸ਼ਾਇਦ ਇਸ ਸੜਕ ਤੋਂ ਨੌਜਵਾਨ ਆਏ ਹੋਣ ਜਾਂ ਕਤਲ ਕਰਨ ਤੋਂ ਬਾਅਦ ਇੱਥਰੋਂ ਲਿਆਂਦਾ ਗਿਆ ਹੋਵੇ? ਇੱਥੇ ਆਸਪਾਸ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਿਆ ਹੋਇਆ ਹੈ, ਇਹ ਸੁਨਸਾਨ ਤੇ ਜੰਗਲਨੁਮਾ ਇਲਾਕਾ ਹੈ।
ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਮਾਮਲਾ ਰੇਲਵੇ ਪੁਲੀਸ ਦੇ ਅਧੀਨ ਆਉਂਦਾ ਹੈ। ਜੀਆਰਪੀ ਦੀ ਟੀਮ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਮ੍ਰਿਤਕ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਂਜ ਦੇਖਣ ਨੂੰ ਇਹ ਦੋਵੇਂ ਪ੍ਰਵਾਸੀ ਮਜ਼ਦੂਰ ਜਾਪਦੇ ਹਨ। ਇਨ੍ਹਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਜਾਪਦੀ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਬਾਂਹ ਉੱਤੇ ਮਹਾਂਕਾਲ ਅਤੇ ‘ਏ’ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਫੋਰੈਂਸਿਕ ਟੀਮ ਨੂੰ ਵੀ ਜਾਂਚ ਲਈ ਮੌਕੇ ’ਤੇ ਸੱਦਿਆ ਗਿਆ ਹੈ। ਰੇਲਵੇ ਪੁਲੀਸ ਨੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…