ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ
ਪਹਿਲੇ ਪੜਾਅ ਵਿੱਚ ‘ਏ’ ਸ਼੍ਰੇਣੀ ਦੀਆਂ 110 ਕਿੱਲੋਮੀਟਰ ਸੜਕਾਂ ਦੀ ਮਸ਼ੀਨਾਂ ਨਾਲ ਕੀਤੀ ਜਾਵੇਗੀ ਸਫ਼ਾਈ
ਮੁਹਾਲੀ ਵਿੱਚ ਮਸ਼ੀਨੀ ਸਫ਼ਾਈ ਮੁੜ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ
ਗਮਾਡਾ ਚੁੱਕੇਗਾ ਮਸ਼ੀਨਾਂ ਦੀ ਖ਼ਰੀਦ ਦਾ ਖਰਚਾ ਅਤੇ ਸਾਂਭ-ਸੰਭਾਲ ਦਾ ਖਰਚਾ ਨਗਰ ਨਿਗਮ ਦੇ ਸਿਰ
ਨਬਜ਼-ਏ-ਪੰਜਾਬ, ਮੁਹਾਲੀ, 8 ਅਗਸਤ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਦੇਸ਼ ਤੋਂ ਆਈਆਂ ਦੋ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਸ਼ਹਿਰ ਦੀ ਸਫ਼ਾਈ ਲਈ ਅੱਜ ਖੇਡ ਕੰਪਲੈਕਸ-78 ਦੇ ਬਾਹਰੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ 2015 ਵਿੱਚ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਪਿਛਲੇ ਦੋ ਸਾਲ ਤੋਂ ਇਸ ਦੀ ਅਣਹੋਂਦ ਕਾਰਨ ਸਫ਼ਾਈ ਦਾ ਮਾਮਲਾ ਗੰਭੀਰ ਬਣਿਆ ਹੋਇਆ ਸੀ ਅਤੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਕੋਲ ਮਕੈਨੀਕਲ ਸਵੀਪਿੰਗ ਮਸ਼ੀਨਾਂ ਖ਼ਰੀਦਣ ਲਈ ਲੋੜੀਂਦੇ ਫ਼ੰਡ ਨਹੀਂ ਸਨ, ਜਿਸ ਉਪਰੰਤ ਉਨ੍ਹਾਂ ਨੇ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਨਾਲ ਤਾਲਮੇਲ ਕਰਕੇ ਗਮਾਡਾ ਨੂੰ 10 ਕਰੋੜ ਦੇਣ ਦੇ ਹੁਕਮ ਜਾਰੀ ਕਰਵਾਇਆ ਸੀ। ਗਮਾਡਾ ਵੱਲੋਂ ਇਹ ਰਾਸੀ ਦੇਣ ਦਾ ਭਰੋਸਾ ਮਿਲਣ ਮਗਰੋਂ ਨਗਰ ਨਿਗਮ ਵੱਲੋਂ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਵਿਦੇਸ਼ ’ਚੋਂ ਖ਼ਰੀਦਣ ਦੀ ਕਾਰਵਾਈ ਆਰੰਭੀ ਸੀ, ਜਿਸ ’ਚੋਂ 2 ਮਸ਼ੀਨਾਂ ਸ਼ਹਿਰ ਵਿੱਚ ਪਹੁੰਚ ਚੁੱਕੀਆਂ ਹਨ ਅਤੇ 2 ਮਸ਼ੀਨਾਂ ਅਗਲੇ ਮਹੀਨੇ ਪਹੁੰਚਣ ਦੀ ਆਸ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਦੋ ਮਕੈਨੀਕਲ ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਸੜਕਾਂ ਦੀ ਸਫ਼ਾਈ ਦਾ ਕੰਮ ਰਸਮੀ ਤੌਰ ’ਤੇ ਅੱਜ ਅਰਦਾਸ ਕਰਵਾ ਕੇ ਸ਼ੁਰੂ ਕਰ ਦਿੱਤਾ ਹੈ। ਇਹ ਦੋਵੇਂ ਮਸ਼ੀਨਾਂ ਰਾਤ ਸਮੇਂ ਰੋਜ਼ਾਨਾ 8 ਘੰਟੇ ਕੰਮ ਕਰਦੇ ਹੋਏ 110 ਕਿੱਲੋਮੀਟਰ ਸੜਕਾਂ ਸਾਫ਼ ਕਰਨਗੀਆਂ। ਸਤੰਬਰ ਦੇ ਅਖੀਰਲੇ ਹਫ਼ਤੇ ਸ਼ਹਿਰ ਦੀਆਂ ‘ਬੀ’ ਕੈਟਾਗਰੀ ਸੜਕਾਂ ਦੀ ਸਫ਼ਾਈ ਵੀ ਵਿਦੇਸ਼ੀ ਮਸ਼ੀਨਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਮੁਹਾਲੀ ਨੂੰ ਸੁੰਦਰ ਸ਼ਹਿਰ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਸ਼ਹਿਰ ਦੀ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦੀ ਖ਼ਰੀਦ ਦਾ ਖਰਚਾ ਗਮਾਡਾ ਅਤੇ ਇਨ੍ਹਾਂ ਨੂੰ ਚਲਾਉਣ ਤੇ ਸਾਂਭ-ਸੰਭਾਲ ਦਾ ਖਰਚਾ ਨਗਰ ਨਿਗਮ ਚੁੱਕੇਗੀ।
ਇਸ ਮੌਕੇ ਨਿਗਮ ਕਮਿਸ਼ਨਰ ਡਾ. ਨਵਜੋਤ ਕੌਰ, ਮੁੱਖ ਇੰਜੀਨੀਅਰ ਨਰੇਸ਼ ਬੱਤਾ, ਐਕਸੀਅਨ ਕਮਲਦੀਪ ਸਿੰਘ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ, ਸੁਖਦੇਵ ਸਿੰਘ ਪਟਵਾਰੀ ਅਤੇ ਅਰੁਣਾ ਵਿਸ਼ਿਸ਼ਟ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।