ਵਿਧਾਇਕ ਕੁਲਵੰਤ ਸਿੰਘ ਨੇ 65 ਕਰੋੜੀ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ, ਲੋਕਾਂ ਨੇ ਕੀਤੀ ਸ਼ਲਾਘਾ

ਗੋਲ ਚੌਂਕਾਂ ਦੇ ਨਿਰਮਾਣ ਨਾਲ ਖ਼ੂਬਸੂਰਤੀ ਵਧੇਗੀ ਤੇ ਸੁਚਾਰੂ ਢੰਗ ਨਾਲ ਚੱਲੇਗੀ ਟਰੈਫ਼ਿਕ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 14 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਲੋਕਾਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਦਿਆਂ ਮੁਹਾਲੀ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ। ਸਥਾਨਕ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ਼ਹਿਰ ਵਿੱਚ ਕਰੀਬ 65 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਵਿੱਚ ਪੰਜ ਗੋਲ ਚੌਂਕ (ਰਾਊਂਡ ਅਬਾਊਟ) ਦੀ ਉਸਾਰੀ ’ਤੇ 15 ਕਰੋੜ ਖ਼ਰਚੇ ਜਾਣਗੇ, ਜੋ ਸੈਕਟਰ 79-78 ਤੋਂ 86-87 ਦੇ ਰੋਡ ਇੰਟਰ-ਸੈਕਸ਼ਨ ਸਮੇਤ ਸੈਕਟਰ 76-77 ਤੋਂ 88-89, ਸੈਕਟਰ 77-78 ਤੋਂ 87-88, ਸੈਕਟਰ 79-80 ਤੋਂ 85-86, ਸੈਕਟਰ 80-81 ਤੋਂ 84-85 ਵਿੱਚ ਬਣਨਗੇ। ਇਸ ਤੋਂ ਇਲਾਵਾ ਪਲਾਸਕਾ ਯੂਨੀਵਰਸਿਟੀ ਤੋਂ ਪਿੰਡ ਚਾਊ ਮਾਜਰਾ ਦੇ ਚੜ੍ਹਦੇ ਪਾਸੇ ਵੱਲ ਅਤੇ ਆਈਟੀ ਸਿਟੀ ਤੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ਦੇ ਵਿਚਕਾਰ ਪਿੰਡ ਵੱਲ ਬਰਿੱਜਾਂ ਦੀ ਉਸਾਰੀ ’ਤੇ ਕਰੀਬ 25 ਕਰੋੜ ਖ਼ਰਚੇ ਜਾਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸੈਕਟਰ ਜੰਕਸ਼ਨ 61-62 ਤੋਂ 69-70 (ਕੁੰਭੜਾ ਚੌਂਕ) ਤੋਂ ਸੈਕਟਰ 65-66 ਬਾਵਾ ਵਾਈਟ ਹਾਊਸ ਤੱਕ 3.2 ਕਿੱਲੋਮੀਟਰ ਸੜਕ ਨੂੰ ਚੌੜਾ ਤੇ ਮਜ਼ਬੂਤ ਬਣਾਉਣ ’ਤੇ 25 ਕਰੋੜ ਰੁਪਏ ਖ਼ਰਚੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ‘ਆਪ’ ਲੀਡਰਸ਼ਿਪ ਅਤੇ ਹੁਣ ਸੂਬਾ ਸਰਕਾਰ ਨੇ ਜੋ-ਜੋ ਵਾਅਦੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਪੜਾਅਵਾਰ ਲਗਪਗ ਪੂਰਾ ਕਰ ਲਿਆ ਗਿਆ ਹੈ, ਫਿਰ ਵੀ ਜੇ ਕੋਈ ਕੰਮ ਰਹਿੰਦਾ ਹੋਇਆ, ਉਸ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਕਤ ਪੰਜ ਗੋਲ ਚੌਂਕਾਂ ਤੋਂ ਇਲਾਵਾ ਸੱਤ ਹੋਰ ਚੌਂਕ ਜਲਦੀ ਬਣਾਏ ਜਾਣਗੇ। ਇਨ੍ਹਾਂ ਚੌਂਕਾਂ ਦੇ ਬਣਨ ਨਾਲ ਜਿੱਥੇ ਸ਼ਹਿਰ ਦੀ ਖ਼ੂਬਸੂਰਤੀ ਵਧੇਗੀ, ਉੱਥੇ ਟਰੈਫ਼ਿਕ ਦੀ ਸਮੱਸਿਆ ਵੀ ਹੱਲ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਸਮੇਂ ਵਿੱਚ ਮੁਹਾਲੀ ਨੂੰ ਚੰਡੀਗੜ੍ਹ ਤੋਂ ਵੱਧ ਖ਼ੂਬਸੂਰਤ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਦੇ ਸੰਜੀਦਗੀ ਨਹੀਂ ਦਿਖਾਈ ਅਤੇ ਨਾ ਹੀ ਵਿਕਾਸ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਖਾਲੀ ਅਸਾਮੀਆਂ ਵੀ ਭਰੀਆਂ ਜਾ ਰਹੀਆਂ ਹਨ।
ਉਧਰ, ਸ਼ਹਿਰ ਦੇ ਲੋਕਾਂ ਸਮੇਤ ਮੁਹਾਲੀ ਆਉਣ ਜਾਣ ਵਾਲੇ ਵਿਅਕਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਦਿਲੋਂ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਇਹ ਸਾਰੇ ਮਿੱਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣ।
ਇਸ ਮੌਕੇ ਗਮਾਡਾ ਦੇ ਚੀਫ਼ ਇੰਜੀਨੀਅਰ ਬਲਵਿੰਦਰ ਸਿੰਘ, ‘ਆਪ’ ਆਗੂ ਬੱਬੀ ਬਾਦਲ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ, ਹਰਜੀਤ ਸਿੰਘ ਭੋਲੂ, ਸਟੇਟ ਐਵਾਰਡੀ ਫੂਲਰਾਜ ਸਿੰਘ, ਹਰਬਿੰਦਰ ਸਿੰਘ ਸੈਣੀ, ਸਾਬਕਾ ਕੌਂਸਲਰ ਉਪਿੰਦਰਪ੍ਰੀਤ ਕੌਰ, ਸੁਰਿੰਦਰ ਸਿੰਘ ਰੋਡਾ, ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਭੜਾ, ਅਵਤਾਰ ਸਿੰਘ ਮੌਲੀ, ਡਾ. ਕੁਲਦੀਪ ਸਿੰਘ, ਆਰਐਸ ਢਿੱਲੋਂ, ਐਸਈ ਅਜੇ ਗਰਗ, ਐਸਈ ਦਰਸ਼ਨ ਕੁਮਾਰ ਜਿੰਦਲ, ਇੰਜੀਨੀਅਰ ਮਹਿਮੀ, ਕੈਪਟਨ ਕਰਨੈਲ ਸਿੰਘ, ਰਘਵੀਰ ਸਿੰਘ, ਸਵਰਨ ਲਤਾ, ਗੱਜਣ ਸਿੰਘ, ਸੱਭਰਵਾਲ, ਸਵਿਤਾ ਪ੍ਰਿੰਜਾ, ਮਹਿੰਦਰ ਸਿੰਘ ਮਲੋਆ, ਹਰਪਾਲ ਸਿੰਘ, ਡਾ. ਰਵਿੰਦਰ ਕੁਮਾਰ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਹਰਜੋਤ ਸਿੰਘ ਗੱਬਰ, ਗੌਰਵ ਸੰਭਾਲਕੀ, ਅੰਜਲੀ ਸਿੰਘ, ਗੁਰਤੇਜ ਸਿੰਘ, ਮਲਕੀਤ ਸਿੰਘ, ਜਸਪਾਲ ਮਟੌਰ, ਸੁਖਚੈਨ ਸਿੰਘ, ਬੰਤ ਸਿੰਘ ਸੋਹਾਣਾ, ਰਾਮ ਸਿੰਘ ਸੰਭਾਲਕੀ, ਗੁਰਦੇਵ ਸਿੰਘ, ਰਣਦੀਪ ਸਿੰਘ ਮਟੌਰ, ਤਰਨਜੀਤ ਕੌਰ ਕੋਮਲ, ਸੁਮਿਤ ਸੋਢੀ ਵੀ ਹਾਜ਼ਰ ਸਨ ਜਦੋਂਕਿ ਪੁਲਾਂ ਦੇ ਉਦਘਾਟਨ ਦੇ ਮੌਕੇ ਅਮਿਤ ਜੈਨ, ਜਸਵਿੰਦਰ ਸਿੰਘ ਚਾਓਮਾਜਰਾ, ਜਗਤਾਰ ਸਿੰਘ ਚਾਓਮਾਜਰਾ, ਗੁਰਪ੍ਰੀਤ ਸਿੰਘ ਕੁਰੜਾ, ਜੱਗੀ ਮਾਣਕਪੁਰ ਕੱਲਰ, ਸਤਨਾਮ ਸਿੰਘ ਗੀਗੇਮਾਜਰਾ, ਰਵਿੰਦਰ ਸਿੰਘ ਮਾਣਕਪੁਰ ਕੱਲਰ, ਗੋਬਿੰਦਰ ਸਿੰਘ, ਰਣਧੀਰ ਸਿੰਘ, ਕੁਲਵੀਰ ਸਿੰਘ ਮਨੌਲੀ, ਜਗਤਾਰ ਸਿੰਘ ਸ਼ੇਖਨ ਮਾਜਰਾ, ਪਰਮਜੀਤ ਸੈਣੀ ਅਤੇ ਮਨਜੀਤ ਸਿੰਘ ਸਮੇਤ ਹੋਰ ਵਲੰਟੀਅਰ ਅਤੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…