ਮਿਸ਼ਨ-2024: ਭਾਜਪਾ ਤੇ ਅਕਾਲੀ ਵਰਕਰ ਅਜੇ ਵੀ ਆਸਵੰਦ, ਬਸਪਾ ਵਿਗਾੜ ਸਕਦੀ ਹੈ ਗਣਿਤ

ਪੰਥਕ ਹਲਕਿਆਂ, ਪੰਜਾਬ ਦੇ ਭਖਦੇ ਮੁੱਦੇ ਤੇ ਕਿਸਾਨੀ ਮੰਗਾਂ ਮੰਨਣ ’ਤੇ ਹੋ ਸਕਦੈ ਗੱਠਜੋੜ: ਚੰਦੂਮਾਜਰਾ

ਨਬਜ਼-ਏ-ਪੰਜਾਬ, ਮੁਹਾਲੀ, 7 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਹੋਣ ਸਬੰਧੀ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂ ਅਤੇ ਆਮ ਵਰਕਰ ਹਾਲੇ ਵੀ ਆਸਵੰਦ ਹਨ। ਦੋਵੇਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਹੁਕਮਰਾਨ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਨੂੰ ਟੱਕਰ ਦੇਣ ਲਈ ਗੱਠਜੋੜ ਸਮੇਂ ਦੀ ਮੁੱਖ ਮੰਗ ਹੈ। ਅੰਦਰਖਾਤੇ ਦੋਵੇਂ ਪਾਰਟੀਆਂ ਦੇ ਆਗੂ ਗੱਠਜੋੜ ਦੇ ਹੱਕ ਵਿੱਚ ਹਨ। ਇਸ ਸਬੰਧੀ ਸੀਟਾਂ ਦੀ ਵੰਡ ਦਾ ਵੀ ਬਹੁਤਾ ਰੌਲਾ ਨਹੀਂ ਹੈ ਪਰ ਪੰਥਕ ਹਲਕਿਆਂ, ਪੰਜਾਬ ਤੇ ਭਖਦੇ ਮੁੱਦਿਆਂ ਅਤੇ ਕਿਸਾਨੀ ਮੰਗਾਂ ਮੰਨਣ ਲਈ ਅਕਾਲੀ ਦਲ ਜ਼ੋਰ ਦੇ ਰਿਹਾ ਹੈ। ਪਹਿਲਾਂ ਭਾਜਪਾ ਸੱਤ ਸੀਟਾਂ ਮੰਗ ਰਹੀ ਸੀ ਅਤੇ ਅਕਾਲੀ ਦਲ ਸਿਰਫ਼ ਪੰਜ ਦੇਣ ’ਤੇ ਅੜਿਆ ਹੋਇਆ ਸੀ। ਹਾਲਾਂਕਿ ਭਾਜਪਾ 6 ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਭਵਿੱਖ ਦੀ ਰਾਜਨੀਤੀ ਨੂੰ ਦੇਖਦੇ ਹੋਏ ਦੋਵੇਂ ਪਾਰਟੀਆਂ ਦੇ ਆਗੂ ਕੌੜਾ ਘੁੱਟ ਭਰਨ ਲਈ ਤਿਆਰ ਜਾਪਦੇ ਹਨ ਪਰ ਅਕਾਲੀ ਦਲ ਆਪਣੀ ਹੋਂਦ ਬਚਾਉਣ ਅਤੇ ਲੋਕਾਂ ਵਿੱਚ ਚੰਗਾ ਬਣਨ ਲਈ ਹਾਲੇ ਵੀ ਆਪਣੀਆਂ ਮੰਗਾਂ ’ਤੇ ਬਰਕਰਾਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਸੀਟਾਂ ਦੀ ਵੰਡ ਦਾ ਬਹੁਤਾ ਅੜਿੱਕਾ ਨਹੀਂ ਹੈ ਪਰ ਪੰਥਕ ਹਲਕੇ ਅਕਾਲੀ ਦਲ ਲਈ ਛੱਡਣ ਸਮੇਤ ਪੰਜਾਬ ਦੇ ਭਖਦੇ ਮੁੱਦੇ ਅਤੇ ਕਿਸਾਨੀ ਮੰਗਾਂ ਮੰਨਣ ਬਾਰੇ ਜੇਕਰ ਭਾਜਪਾ ਸਥਿਤੀ ਸਪੱਸ਼ਟ ਕਰ ਦੇਵੇ ਤਾਂ ਗੱਠਜੋੜ ਹੋ ਵੀ ਸਕਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਐਸਜੀਪੀਸੀ ਦੀ ਸਲਾਹ ਤੋਂ ਬਿਨਾਂ ਧਾਰਮਿਕ ਮਸਲਿਆਂ ਵਿੱਚ ਨਾ ਦਿੱਤਾ ਜਾਵੇ। ਜੇਕਰ ਇਨ੍ਹਾਂ ਮੁੱਦਿਆਂ ’ਤੇ ਭਾਜਪਾ ਦੀ ਕੁਮਿੱਟਮੈਂਟ ਹੋ ਜਾਵੇ ਤਾਂ ਗੱਲ ਕਿਸੇ ਕੰਢੇ ਲੱਗ ਸਕਦੀ ਹੈ। ਚੰਦੂਮਾਜਰਾ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਪ੍ਰਮੁੱਖ ਸੰਭਾਵੀ ਉਮੀਦਵਾਰ ਹਨ।
ਉਧਰ, ਭਾਜਪਾ ਆਗੂ ਤੇ ਚੋਣ ਆਬਜ਼ਰਵਰ ਨਰਿੰਦਰ ਸਿੰਘ ਰਾਣਾ ਤੇ ਹੋਰ ਆਗੂ ਵੀ ਅਕਾਲੀ ਦਲ ਨਾਲ ਗੱਠਜੋੜ ਲਈ ਆਸਵੰਦ ਹਨ। ਉਨ੍ਹਾਂ ਕਿਹਾ ਕਿ ਭਾਜਪਾ ਛੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ ਅਤੇ ਬਾਕੀ ਹਲਕਿਆਂ ਵਿੱਚ ਅਕਾਲੀ ਦਲ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਹਾਲੇ ਟੁੱਟੀ ਨਹੀਂ ਹੈ ਪਰ ਬਣੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ।
ਉਧਰ, ਭਾਵੇਂ ਕੁੱਝ ਵੀ ਹੋਵੇ ਬਸਪਾ ਇਸ ਵਾਰ ਦੋਵੇਂ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਬਸਪਾ ਆਪਣਾ ਕਾਡਰ ਅਤੇ ਦਲਿਤ ਵੋਟ ਬੈਂਕ ਸੰਭਾਲੀ ਬੈਠੀ ਹੈ। ਜਿਸ ਨੂੰ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਪਰਖ ਚੁੱਕਾ ਹੈ। ਹਾਲਾਂਕਿ ਬਸਪਾ ਇਕੱਲਿਆਂ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ ਪਰ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਬੜੇ ਜ਼ੋਰਾਂ ’ਤੇ ਹੈ ਕਿ ਜੇਕਰ ਭਾਜਪਾ ਨਾਲ ਸਾਂਝ ਨਹੀਂ ਬਣਦੀ ਤਾਂ ਅਕਾਲੀ ਦਲ ਮੁੜ ਬਸਪਾ ਨੂੰ ਗੱਠਜੋੜ ਲਈ ਮਨਾਉਣ ਲਈ ਚਾਰਾਜੋਈ ਕਰ ਸਕਦਾ ਹੈ। ਕਾਬਿਲੇਗੌਰ ਹੈ ਕਿ 2022 ਵਿੱਚ ਅਕਾਲੀ ਦਲ ਤੇ ਬਸਪਾ ਨੇ ਵਿਧਾਨ ਸਭਾ ਚੋਣਾਂ ਮਿਲ ਕੇ ਲੜੀਆਂ ਸਨ। ਪਟਿਆਲਾ, ਰੂਪਨਗਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਸਮੇਤ ਹੋਰ ਕਈ ਇਲਾਕਿਆਂ ਵਿੱਚ ਬਸਪਾ ਦਾ ਆਧਾਰ ਬਹੁਤ ਮਜ਼ਬੂਤ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…