ਮਕੈਨੀਕਲ ਸਵਿਪਿੰਗ ਦੀਆਂ ਮਸ਼ੀਨਾਂ ਬੂਹੇ ’ਤੇ ਅੱਪੜੀਆਂ, ਗਮਾਡਾ ਨੇ ਹਾਲੇ ਤੱਕ ਨਹੀਂ ਦਿੱਤਾ ਧੇਲਾ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਗਮਾਡਾ ਨੂੰ ਪੱਤਰ ਲਿਖ ਕੇ 10 ਕਰੋੜ ਦੀ ਫੌਰੀ ਅਦਾਇਗੀ ਕਰਨ ਦੀ ਲਗਾਈ ਗੁਹਾਰ

ਨਬਜ਼-ਏ-ਪੰਜਾਬ, ਮੁਹਾਲੀ, 6 ਅਗਸਤ:
ਮੁਹਾਲੀ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਲੋੜੀਂਦੀਆਂ ਮਕੈਨੀਕਲ ਸਵੀਪਿੰਗ ਦੀਆਂ ਮਸ਼ੀਨਾਂ ਮੁਹਾਲੀ ਦੇ ਬੂਹੇ ’ਤੇ ਵੀ ਪੁੱਜ ਗਈਆਂ ਹਨ ਲੇਕਿਨ ਗਮਾਡਾ ਨੇ ਹਾਲੇ ਤੱਕ ਨਗਰ ਨਿਗਮ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਦੀਆਂ ਮਸ਼ੀਨਾਂ ਦੀ ਅਦਾਇਗੀ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਮਸ਼ੀਨਾਂ ਸ਼ਹਿਰ ਦੇ ਬੂਹੇ ’ਤੇ ਅੱਪੜ ਚੁੱਕੀਆਂ ਹਨ, ਹਾਲਾਂਕਿ ਗਮਾਡਾ ਨੇ ਪਹਿਲਾਂ ਹੀ 10 ਕਰੋੜ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਅਜੇ ਤਾਈਂ ਮੁਹਾਲੀ ਨਿਗਮ ਨੂੰ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਗਈ। ਉਂਜ ਨਿਗਮ ਪ੍ਰਸ਼ਾਸਨ ਦੀ ਲਾਜ ਰੱਖਣ ਲਈ ਠੇਕੇਦਾਰ ਵੱਲੋਂ ਮਸ਼ੀਨਾਂ ਦੀ ਕੀਮਤ ਕੰਪਨੀ ਨੂੰ ਦੇ ਦਿੱਤੀ ਹੈ ਪਰ ਇਹ ਪੈਸਾ ਨਿਗਮ ਨੇ ਹੁਣ ਠੇਕੇਦਾਰ ਨੂੰ ਦੇਣਾ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦਾ ਕੰਮ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਾ ਹੈ ਅਤੇ ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਮਾੜੀ ਹੈ। ਜੇਕਰ ਠੇਕੇਦਾਰ ਨੂੰ ਪੈਸਿਆਂ ਦੀ ਅਦਾਇਗੀ ਨਾ ਹੋਈ ਤਾਂ ਮਸ਼ੀਨੀ ਸਫ਼ਾਈ ਦੇ ਕੰਮ ਵਿੱਚ ਵਿਘਨ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਫ਼ਾਈ ਕਰਮਚਾਰੀਆਂ ਦੀ ਘਾਟ ਹੈ। ਅੰਦਰੂਨੀ ਸੜਕਾਂ ਦੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਤੋਂ ਹੀ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ। ਜਿਸ ਕਰਨ ਅੰਦਰੂਨੀ ਸੜਕਾਂ ਦੀ ਸਫ਼ਾਈ ਪ੍ਰਭਾਵਿਤ ਹੋ ਰਹੀ ਹੈ। ਮਸ਼ੀਨੀ ਸਫ਼ਾਈ ਸ਼ੁਰੂ ਹੋਣ ਨਾਲ ਹੀ ਹੁਣ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਆਏਗਾ।
ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਪਹਿਲਾਂ ਸਵੱਛ ਭਾਰਤ ਅਭਿਆਨ ਵਿੱਚ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਆਉਂਦਾ ਰਿਹਾ ਹੈ। ਜੇਕਰ ਮਸ਼ੀਨੀ ਸਫ਼ਾਈ ਸਮੇਂ ਸਿਰ ਸ਼ੁਰੂ ਨਹੀਂ ਹੋਈ ਤਾਂ ਇਸ ਦਾ ਸਵੱਛ ਸਰਵੇਖਣ ਵਿੱਚ ਮੁਹਾਲੀ ’ਤੇ ਅਸਰ ਪਵੇਗਾ। ਇਸ ਲਈ ਗਮਾਡਾ ਨੂੰ ਚਾਹੀਦਾ ਹੈ ਕਿ ਆਪਣਾ ਵਾਅਦਾ ਪੁਗਾਉਂਦੇ ਹੋਏ 10 ਕਰੋੜ ਦੀ ਅਦਾਇਗੀ ਤੁਰੰਤ ਨਗਰ ਨਿਗਮ ਨੂੰ ਕੀਤੀ ਜਾਵੇ ਤਾਂ ਜੋ ਮਸ਼ੀਨੀ ਸਫ਼ਾਈ ਦੇ ਕੰਮ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…