Share on Facebook Share on Twitter Share on Google+ Share on Pinterest Share on Linkedin ਸਰਕਾਰੀ ਹਸਪਤਾਲ ਦਾ ਮਾਅਰਕਾ: ਪੰਜਾਬ ਭਰ ’ਚ ਪਹਿਲੀ ਵਾਰ ਲੇਜ਼ਰ ਨਾਲ ਕੀਤਾ ਬਵਾਸੀਰ ਦਾ ਅਪਰੇਸ਼ਨ ਸਰਕਾਰੀ ਸਿਹਤ ਸੰਸਥਾਵਾਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਸਿਵਲ ਸਰਜਨ ਨਬਜ਼-ਏ-ਪੰਜਾਬ, ਮੁਹਾਲੀ, 19 ਦਸੰਬਰ: ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ। ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਪਹਿਲੀ ਵਾਰ ਮਰੀਜ਼ ਦੀ ਬਵਾਸੀਰ ਦਾ ਅਪਰੇਸ਼ਨ ਲੇਜ਼ਰ ਮਸ਼ੀਨ ਨਾਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ ਅਤੇ ਐਸਐਮਓ ਡਾ. ਐਚਐਸ ਚੀਮਾ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚੋਂ ਜ਼ਿਲ੍ਹਾ ਹਸਪਤਾਲ ਮੁਹਾਲੀ ਅਜਿਹਾ ਪਹਿਲਾ ਹਸਪਤਾਲ ਹੈ, ਜਿੱਥੇ ਲੇਜ਼ਰ ਨਾਲ ਬਵਾਸੀਰ ਦਾ ਅਪਰੇਸ਼ਨ ਕੀਤਾ ਗਿਆ ਹੈ। ਇਸ ਸਫਲ ਅਪਰੇਸ਼ਨ ਦਾ ਸਿਹਰਾ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ’ਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੂਰੀ ਲਗਨ ਨਾਲ ਅਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਵਾਸੀਰ ਦਾ ਲੇਜ਼ਰ ਅਪਰੇਸ਼ਨ ਸਿਰਫ਼ ਵੱਡੇ ਨਿੱਜੀ ਹਸਪਤਾਲਾਂ ਵਿੱਚ ਹੀ ਹੁੰਦਾ ਹੈ, ਜਿੱਥੇ ਮਰੀਜ਼ ਨੂੰ ਕਾਫ਼ੀ ਫ਼ੀਸ ਅਦਾ ਕਰਨੀ ਪੈਂਦੀ ਹੈ ਜਦਕਿ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਨਾ-ਮਾਤਰ ਫ਼ੀਸ ਦੇਣੀ ਪਈ ਹੈ। ਅਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਸ ਨੂੰ ਕੁੱਝ ਘੰਟਿਆਂ ਬਾਅਦ ਛੁੱਟੀ ਦਿੱਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਮਾਹਰ ਡਾਕਟਰਾਂ ਵੱਲੋਂ ਵੱਖ-ਵੱਖ ਬੀਮਾਰੀਆਂ ਜਿਵੇਂ ਹਰਨੀਆਂ, ਪਥਰੀਆਂ, ਗਦੂਦਾਂ, ਬਵਾਸੀਰ ਦੇ ਸਫ਼ਲਤਾਪੂਰਵਰਕ ਅਪਰੇਸ਼ਨ ਕੀਤੇ ਜਾ ਰਹੇ ਹਨ। ਇਹ ਸਾਰੇ ਅਪਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ। ਕਈ ਮੁਸ਼ਕਲ ਕੇਸਾਂ ਨੂੰ ਵੀ ਹੱਲ ਕਰਦਿਆਂ ਮਰੀਜ਼ਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਤਰ੍ਹਾਂ ਦੀ ਬੀਮਾਰੀ ਲਈ ਆਮ ਸਰਜਰੀ ਦੀ ਲੋੜ ਹੈ ਤਾਂ ਉਹ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਉੱਚ ਪਾਏ ਦੀਆਂ ਜਾਂਚ, ਇਲਾਜ ਤੇ ਸਰਜਰੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ