ਲੋਕ ਸਭਾ ਚੋਣਾਂ: ਮੁਹਾਲੀ ਜ਼ਿਲ੍ਹੇ ਵਿੱਚ ਸ਼ਰਾਬ ਦੀ ਢੋਆ-ਢੁਆਈ ਲਈ ਨਿਗਰਾਨੀ ਵਧਾਉਣ ’ਤੇ ਜ਼ੋਰ

ਦੋ ਡਿਸਟਿਲਰੀਆਂ, ਇੱਕ ਬਰੂਅਰੀ ਅਤੇ 13 ਬੋਟਲਿੰਗ ਪਲਾਂਟ ਸਣੇ 299 ਸ਼ਰਾਬ ਦੇ ਠੇਕਿਆਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ

ਮੈਰਿਜ ਪੈਲੇਸ ਮਾਲਕਾਂ ਨੂੰ ਸਿਆਸੀ ਇਕੱਠ ਕਰਨ ਤੋਂ ਪਹਿਲਾਂ ਪ੍ਰਵਾਨਗੀ ਲੈਣ ਦੀਆਂ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਦੇ ਗੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸ਼ਰਾਬ ਦੀ ਢੋਆ-ਢੁਆਈ ’ਤੇ ਨਿਗਰਾਨੀ ਵਧਾਉਣ ਦੇ ਹੁਕਮ ਦਿੱਤੇ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਸਟਿਲਰੀਆਂ, ਬੋਟਲਿੰਗ ਪਲਾਂਟਾਂ ਅਤੇ ਮੈਰਿਜ ਪੈਲੇਸ ਮਾਲਕਾਂ ਦੀ ਸਾਂਝੀ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪੱਧਰ ’ਤੇ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੋ ਡਿਸਟਿਲਰੀਆਂ, ਇੱਕ ਬਰੂਅਰੀ ਅਤੇ 13 ਬੋਟਲਿੰਗ ਪਲਾਂਟਾਂ ਤੋਂ ਸ਼ਰਾਬ ਦੀ ਢੋਆ-ਢੁਆਈ ਦੀ ਨਿਗਰਾਨੀ ’ਤੇ ਸਖ਼ਤੀ ਨਾਲ ਅਮਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ 299 ਸ਼ਰਾਬ ਦੇ ਠੇਕਿਆਂ ਦੀ ਵਿਕਰੀ ਉੱਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਰਿਸ਼ਵਤਖ਼ੋਰੀ ਵਰਗੇ ਲਾਲਚ ਦੇ ਕਿਸੇ ਵੀ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਦੀ ਨੀਤੀ ਹੋਵੇਗੀ।
ਉਨ੍ਹਾਂ ਸਪੱਸ਼ਟ ਕਿਹਾ ਕਿ ਆਬਕਾਰੀ ਵਿਭਾਗ ਦੇ ਅਧਿਕਾਰੀ ਜ਼ਿਲ੍ਹੇ ਵਿੱਚ ਲਗਾਤਾਰ ਚੌਕਸੀ ਰੱਖ ਕੇ ਅਤੇ ਪੁਲਸ ਨਾਲ ਨਾਕੇ ਲਗਾ ਕੇ ਗੈਰ-ਕਾਨੂੰਨੀ ਸ਼ਰਾਬ ਦੀ ਢੋਆ-ਢੁਆਈ ਨੂੰ ਰੋਕਣ ਲਈ ਜ਼ਿੰਮੇਵਾਰ ਹੋਣਗੇ। ਸਾਰੇ ਨਿਰਮਾਣ ਯੂਨਿਟਾਂ ਵਿੱਚ ਮੌਜੂਦਾ ਸਥਾਪਿਤ ਮਾਸ ਫਲੋ ਮੀਟਰਾਂ ਨੂੰ ਅਸਲ ਸਮੇਂ ਦੇ ਪ੍ਰਵਾਹ ਅਤੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਤੋਂ ਇਲਾਵਾ ਕਿਊਆਰ-ਕੋਡ ਸਮਰਥਿਤ ਪਾਸ (ਐਲ-34) ਅਤੇ ਪਰਮਿਟ (ਐਲ-32) ਨੂੰ ਕੈਪਚਰ ਕਰਨ ਵਾਲੇ ਮਾਸ ਫਲੋ ਮੀਟਰਾਂ ਨੂੰ ਕਾਰਜਸ਼ੀਲ ਰੱਖਣ ਦੇ ਨਾਲ ਸਾਰੇ ਠੇਕਿਆਂ ਲਈ ਸਥਾਨਾਂ ਦੇ ਨਕਸ਼ੇ ਅਤੇ ਲਾਇਸੈਂਸ ਪ੍ਰਦਰਸ਼ਿਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਆਬਕਾਰੀ ਅਧਿਕਾਰੀਆਂ ਨੂੰ ਸ਼ਰਾਬ ਦੇ ਠੇਕਿਆਂ ਦੀ ਰੋਜ਼ਾਨਾ ਵਿਕਰੀ ਅਤੇ ਸਟਾਕ ਦੀ ਜਾਂਚ ਕਰਨ ਅਤੇ 30 ਪ੍ਰਤੀਸ਼ਤ ਤੋਂ ਵੱਧ ਵਿਕਰੀ ਵਧਣ ਦੀ ਸੂਰਤ ਵਿੱਚ ਤੁਰੰਤ ਸਾਰੇ ਰਿਕਾਰਡ ਦੀ ਜਾਂਚ ਦੇ ਹੁਕਮ ਦਿੱਤੇ ਗਏ।
ਸ੍ਰੀਮਤੀ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੰਤਰਰਾਜੀ ਸਰਹੱਦ, ਅੰਦਰੂਨੀ ਪਿੰਡਾਂ, ਝੁੱਗੀ-ਝੌਂਪੜੀਆਂ ਵਿੱਚ ਪੈਂਦੇ ਠੇਕਿਆਂ ’ਤੇ ਸਖ਼ਤ ਨਜ਼ਰ ਰੱਖੀ ਜਾਵੇ। ਉਨ੍ਹਾਂ ਮੈਰਿਜ ਪੈਲੇਸ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਏਆਰਓ ਦੀ ਅਗਾਊਂ ਪ੍ਰਵਾਨਗੀ ਤੋਂ ਪਹਿਲਾਂ ਕਿਸੇ ਵੀ ਸਿਆਸੀ ਇਕੱਠ ਦੀ ਇਜਾਜ਼ਤ ਨਾ ਦੇਣ ਅਤੇ ਉਨ੍ਹਾਂ ਦੇ ਰਿਜ਼ੋਰਟ ਵਿੱਚ ਹੋਣ ਵਾਲੇ ਵਿਆਹ ਜਾਂ ਹੋਰ ਸਮਾਜਿਕ ਸਮਾਗਮਾਂ ਦੌਰਾਨ ਆਬਕਾਰੀ ਵਿਭਾਗ ਦੇ ਪਰਮਿਟ ਤੋਂ ਬਿਨਾਂ ਸ਼ਰਾਬ ਨਾ ਪਰੋਸੀ ਜਾਵੇ।
ਮੁਹਾਲੀ ਦੇ ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਚਲਹੋਤਰਾ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ 4 ਟੀਮਾਂ ਵੱਲੋਂ ਇੱਕੋ ਸਮੇਂ ਪੁਲੀਸ ਨਾਲ ਮਿਲ ਕੇ ਨਾਕਿਆਂ ’ਤੇ ਚੈਕਿੰਗ ਤੋਂ ਇਲਾਵਾ ਇਨਫੋਰਸਮੈਂਟ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਏਡੀਸੀ ਵਿਰਾਜ ਐਸ ਤਿੜਕੇ ਤੇ ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਡੇਵੀ ਗੋਇਲ ਅਤੇ ਆਬਕਾਰੀ ਵਿਭਾਗ ਦੇ ਈਟੀਓਜ਼ ਅਤੇ ਆਬਕਾਰੀ ਇੰਸਪੈਕਟਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…