ਲੋਕ ਸਭਾ ਚੋਣਾਂ-2024:‘ਆਪ’ ਆਗੂ ਮਾਲਵਿੰਦਰ ਕੰਗ ਲਈ ਐਨਾ ਸੌਖਾ ਨਹੀਂ ਰਾਹ

ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵੱਡੇ ਵੱਡੇ ਵਾਅਦੇ ਅਤੇ ਗਰੰਟੀਆਂ ਬਾਰੇ ਲੋਕਾਂ ਨੂੰ ਦੇਣਾ ਪਵੇਗਾ ਜਵਾਬ

ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਭਾਵੇਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਤੋਂ ਪਾਰਟੀ ਆਗੂ ਅਤੇ ਆਮ ਵਲੰਟੀਅਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਲਈ ਚੋਣਾਂ ਦਾ ਰਾਹ ਐਨਾ ਸੌਖਾ ਵੀ ਨਹੀਂ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰ ਹਾਲ ਵਿੱਚ ਸੱਤਾ ਹਾਸਲ ਕਰਨ ਲਈ ‘ਆਪ’ ਲੀਡਰਸ਼ਿਪ ਵੱਲੋਂ ਲੋਕਾਂ ਨਾਲ ਕੀਤੇ ਗਏ ਵੱਡੇ-ਵੱਡੇ ਵਾਅਦੇ ਅਤੇ ਗਰੰਟੀਆਂ ਲਈ ਉਨ੍ਹਾਂ (ਕੰਗ) ਨੂੰ ਵੋਟਰਾਂ ਦੇ ਕੌੜੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਅੌਰਤਾਂ ਵੀ ‘ਆਪ’ ਨੂੰ ਘੇਰਨ ਲਈ ਤਿਆਰ ਬੈਠੀਆਂ ਹਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ ਅੌਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਦਿੱਤੀ ਸੀ ਲੇਕਿਨ ਹੁਣ ਤੱਕ ਕਿਸੇ ਅੌਰਤ ਨੂੰ ਇੱਕ ਧੇਲਾ ਨਹੀਂ ਮਿਲਿਆ। ਵੈਸੇ ਵੀ ਇਹ ਹਲਕਾ ਅਕਾਲੀ ਦਲ ਅਤੇ ਕਾਂਗਰਸ ਦਾ ਗੜ੍ਹ ਮੰਨਿਆਂ ਜਾਂਦਾ ਹੈ। ਇਸ ਤੋਂ ਪਹਿਲਾਂ 2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਚੋਣ ਹਾਰ ਗਏ ਸੀ। ਇੰਜ ਹੀ ਪਿਛਲੀ ਵਾਰ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ‘ਆਪ’ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਹਾਰ ਗਏ ਸਨ।
ਦੱਸ ਦੱਈਏ ਕਿ ‘ਆਪ’ ਨੇ ਮੁਲਾਜ਼ਮ ਵਰਗ ਨਾਲ ਵੀ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਪੰਜਾਬ ਸਕੂਲ ਸਿੱਖਿਆ ਬੋਰਡ, ਸਰਬ ਸਿੱਖਿਆ ਅਭਿਆਨ, ਮਿਡ-ਡੇਅ-ਮੀਲ, ਆਂਗੜਵਾੜੀ ਵਰਕਰ, ਪਾਵਰਕੌਮ ਠੇਕਾ ਮੁਲਾਜ਼ਮ, ਜਲ ਸਪਲਾਈ ਤੇ ਜੰਗਲਾਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਮੁਲਾਜ਼ਮ ਸੰਘਰਸ਼ ਦੀ ਰਾਹ ’ਤੇ ਹਨ। ਪੈਨਸ਼ਨਰ ਬਾਬੇ ਵੀ ਸਰਕਾਰ ਦੇ ਝੂਠੇ ਲਾਰਿਆਂ ਤੋਂ ਕਾਫ਼ੀ ਅੌਖੇ ਹਨ। ਉਧਰ, ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਕੌਮੀ ਇਨਸਾਫ਼ ਮੋਰਚਾ ਅਤੇ ਇਨਸਾਫ਼ ਪਸੰਦ ਲੋਕ ਸਵਾ ਸਾਲ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਇੰਜ ਹੀ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਜਾਂਚ ਅਤੇ ਗਲਤ ਤਰੀਕੇ ਨਾਲ ਸਰਕਾਰੀ ਨੌਕਰੀਆਂ ਅਤੇ ਹੋਰ ਲਾਭ ਲੈਣ ਵਾਲੇ ਵਿਅਕਤੀਆਂ ਅਤੇ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਦਲਿਤ ਸੰਗਠਨਾਂ ਦੇ ਨੁਮਾਇੰਦੇ ਮੁਹਾਲੀ ਵਿੱਚ ਲੜੀਵਾਰ ਧਰਨੇ ’ਤੇ ਬੈਠੇ ਹਨ। ਇਨ੍ਹਾਂ ਪੀੜਤ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਸਮੇਂ ਹੁਕਮਰਾਨਾਂ ਨੂੰ ਘੇਰਨ ਦੀ ਯੋਜਨਾ ਘੜੀ ਜਾ ਰਹੀ ਹੈ। ਸਮੇਂ ਸਿਰ ਸਰਕਾਰੀ ਰਾਸ਼ਨ ਨਾ ਮਿਲਣ ਅਤੇ ਨੀਲੇ ਕਾਰਡ ਕੱਟੇ ਜਾਣ ਕਾਰਨ ਗਰੀਬ ਵਰਗ ਦੇ ਲੋਕ ਵੀ ਸਰਕਾਰ ਤੋਂ ਕਾਫ਼ੀ ਅੌਖੇ ਨਜ਼ਰ ਆ ਰਹੇ ਹਨ।
ਉਧਰ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਵਿਧਾਇਕਾਂ, ਚੇਅਰਮੈਨਾਂ ਅਤੇ ਵਲੰਟੀਅਰਾਂ ਨੂੰ ਚੋਣਾਂ ਜਿੱਤਣ ਲਈ ਪੂਰੀ ਤਾਕਤ ਲਗਾਉਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਕੰਗ ਨੂੰ ਬੀਤੇ ਦਿਨੀਂ ਉਮੀਦਵਾਰ ਐਲਾਨਿਆ ਗਿਆ ਹੈ, ਪ੍ਰੰਤੂ ਉਹ ਕਾਫ਼ੀ ਸਮੇਂ ਤੋਂ ਸਮੁੱਚੇ ਅੰਦਰ ਲੋਕਾਂ ਵਿੱਚ ਵਿਚਰ ਰਹੇ ਹਨ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਲਗਪਗ ਪਹਿਲਾ ਗੇੜ ਮੁਕੰਮਲ ਕਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…