ਲੋਕ ਸਭਾ ਚੋਣਾਂ-2024: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

818 ਪੋਲਿੰਗ ਬੂਥਾਂ ’ਤੇ ਸਵੇਰੇ 7 ਵਜੇ ਸ਼ੁਰੂ ਹੋਵੇਗਾ ਮਤਦਾਨ, 8 ਹਜ਼ਾਰ ਰਹਿਣਗੇ ਕਰਮਚਾਰੀ

ਵੋਟਰਾਂ ਦਾ ਸੁਆਗਤ ਕਰਨ ਲਈ ਦੋ ਸੁਪਰ ਮਾਡਲ, 30 ਮਾਡਲ, 3-3 ਪਿੰਕ, ਦਿਵਿਆਂਗ ਤੇ ਯੂਥ ਬੂਥ

ਮੁਹਾਲੀ ਜ਼ਿਲ੍ਹੇ ਵਿੱਚ 89 ਸੰਵੇਦਨਸ਼ੀਲ/ਨਾਜ਼ੁਕ ਬੂਥਾਂ ਨਿਗਰਾਨੀ ਕਰਨਗੇ ਪੈਰਾ-ਮਿਲਟਰੀ ਫੋਰਸ ਦੇ ਜਵਾਨ

ਨਬਜ਼-ਏ-ਪੰਜਾਬ, ਮੁਹਾਲੀ, 31 ਮਈ:
ਪੰਜਾਬ ਵਿੱਚ ਭਲਕੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਕੁੱਲ 485 ਥਾਵਾਂ ’ਤੇ 818 ਪੋਲਿੰਗ ਬੂਥ ਬਣਾਏ ਗਏ ਹਨ (ਜ਼ੀਰਕਪੁਰ, ਡੇਰਾਬੱਸੀ, ਲਾਲੜੂ ਤੇ ਬਨੂੜ ਪਟਿਆਲਾ ਲੋਕ ਸਭਾ ਹਲਕੇ ਦਾ ਹਿੱਸਾ ਹਨ)। ਸਵੇਰੇ 7 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਅਗਲੇ 24 ਘੰਟੇ ਚੱਪੇ ਚੱਪੇ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 33 ਸਥਾਨਾਂ ’ਤੇ 89 ਸੰਵੇਦਨਸ਼ੀਲ/ਨਾਜ਼ੁਕ ਬੂਥ ਐਲਾਨੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਪੈਰਾ-ਮਿਲਟਰੀ ਫੋਰਸ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਅਤੇ ਮਾਈਕਰੋ ਆਬਜ਼ਰਵਰ ਵੀ ਇਨ੍ਹਾਂ ਬੂਥਾਂ ’ਤੇ ਤਿੱਖੀ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਸਾਰੇ 818 ਬੂਥਾਂ ਨੂੰ ਕੇਂਦਰੀਕ੍ਰਿਤ ਕੰਟਰੋਲ ਰੂਮ ਨਾਲ ਜੋੜ ਕੇ ਰੀਅਲ ਟਾਈਮ ਪੋਲਿੰਗ ਦੀ ਜਾਂਚ ਕਰਨ ਲਈ ਵੈਬਕਾਸਟਿੰਗ ਸਹੂਲਤ ਨਾਲ ਲੈਸ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਤਿੰਨ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਸਟਾਫ਼ ਨੂੰ ਚੋਣ ਸਮਗਰੀ ਦੇ ਕੇ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ’ਤੇ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਲੂ ਤੋਂ ਬਚਾਉਣ ਲਈ ਰਿਹਾਇਸ਼, ਭੋਜਨ, ਪੱਖੇ/ਕੂਲਰ, ਮਿੱਠੇ ਅਤੇ ਠੰਡੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 8 ਲੱਖ 12 ਹਜ਼ਾਰ 593 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜ਼ਿਲ੍ਹਾ 70 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ ਆਸਾਨੀ ਨਾਲ ਪਾਰ ਕਰ ਲਵੇਗਾ। ਪੋਲਿੰਗ ਸਟਾਫ਼ ਅਤੇ ਪੋਲਿੰਗ ਪਾਰਟੀ ਦੇ ਮੁਖੀਆਂ ਵਿੱਚ ਸਭ ਤੋਂ ਵੱਧ ਨਾਰੀ ਸ਼ਕਤੀ ਹੈ, ਕਿਉਂਕਿ ਕਰੀਬ 70 ਫੀਸਦੀ ਮਹਿਲਾ ਮੁਲਾਜ਼ਮ ਹਨ ਜਦੋਂਕਿ 30 ਫੀਸਦੀ ਪੁਰਸ਼ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਸੁਪਰ ਮਾਡਲ ਬੂਥ, 30 ਮਾਡਲ ਬੂਥ, 3-3 ਪਿੰਕ, ਦਿਵਿਆਂਗ ਅਤੇ ਯੂਥ ਬੂਥ ਹਨ। ਇਸ ਤੋਂ ਇਲਾਵਾ ਕੁੱਝ ਹਰੇ ਬੂਥ ਹਨ।
ਆਸ਼ਿਕਾ ਜੈਨ ਨੇ ਦੱਸਿਆ ਕਿ ਵੋਟਰਾਂ ਅਤੇ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨੂੰ ਤਾਇਨਾਤ ਕਰਨ ਸਮੇਤ ਓਆਰਐਸ ਪੈਕੇਟ, ਸਰਬੱਤ, ਰੂਅਫਜਾ ਅਤੇ ਹੋਰ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਮੈਡੀਕਲ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਦੌਰਾਨ ਡੀਸੀ ਆਸ਼ਿਕਾ ਜੈਨ ਅਤੇ ਐੱਸਐੱਸਪੀ ਸੰਦੀਪ ਗਰਗ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਤੂਫ਼ਾਨੀ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੋਲਿੰਗ ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
ਐੱਸਐੱਸਪੀ ਸੰਦੀਪ ਗਰਗ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਪੈਰਾ-ਮਿਲਟਰੀ ਦੀਆਂ 9 ਕੰਪਨੀਆਂ ਤੋਂ ਇਲਾਵਾ 160 ਪੈਟਰੋਲਿੰਗ ਪਾਰਟੀਆਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਰਗਰਮ ਰਹਿਣਗੀਆਂ। ਉਨ੍ਹਾਂ ਦੱਸਿਆ ਕਿ 4000 ਸੁਰੱਖਿਆ ਕਰਮਚਾਰੀ ਪੋਲਿੰਗ ਬੂਥਾਂ, ਨਾਕਿਆਂ ਅਤੇ ਗਸ਼ਤ ਡਿਊਟੀ ਲਈ 24 ਘੰਟੇ ਚੌਕਸੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਲਕੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਮਤਦਾਨ ਯਕੀਨੀ ਬਣਾਉਣ ਲਈ ਸਮੂਹ ਐਸਪੀਜ਼, ਡੀਐਸਪੀਜ਼ ਸਮੇਤ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਫੀਲਡ ਵਿੱਚ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…