ਲੋਕ ਸਭਾ ਚੋਣਾਂ-2024: ਪਹਿਲੀ ਵਾਰ ਵੋਟ ਪਾਉਣ ਲਈ ਨਵੇਂ ਨੌਜਵਾਨ ਵੋਟਰਾਂ ’ਚ ਭਾਰੀ ਉਤਸ਼ਾਹ

ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦੋ-ਦੋ ਵਿਦਿਆਰਥੀ ਕੈਂਪਸ ਅੰਬੈਸਡਰ ਨਿਯੁਕਤ ਕੀਤੇ

ਲੋਕਤੰਤਰ ਦੀ ਬਹਾਲੀ ਅਤੇ ਮਜ਼ਬੂਤੀ ਲਈ ਵੋਟ ਪਾਉਣਾ ਬਹੁਤ ਜ਼ਰੂਰੀ: ਆਸ਼ਿਕਾ ਜੈਨ

ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਲਫੀ ਕੱਟ ਆਊਟ ਲਗਾਏ ਗਏ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰ ਸੈਲਫ਼ੀ ਕੱਟ ਆਊਟ ਨਾਲ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰ ਰਹੇ ਹਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਸਾਰੇ ਵਰਗਾਂ ਨੂੰ ਵੋਟ ਪਾਉਣ ਲਈ ਅਪੀਲ ਕਰ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਮੁਹਾਲੀ ਦੇ ਸਮੂਹ ਵੋਟਰਾਂ ਖ਼ਾਸ ਕਰ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ‘ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ’ ਸਲੋਗਨ ਤਹਿਤ 100 ਫੀਸਦੀ ਵੋਟਾਂ ਦਾ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਬਹਾਲੀ ਅਤੇ ਮਜ਼ਬੂਤੀ ਲਈ ਵੋਟ ਬਹੁਤ ਵੱਡਾ ਹਥਿਆਰ ਹੈ। ਜਿਸ ਦਾ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅਟਵਾਲ ਨੇ ਦੱਸਿਆ ਕਿ ਜ਼ਿਲ੍ਹਾ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਲਗਪਗ 16,500 (18 ਸਾਲ ਵਾਲੇ) ਨਵੇਂ ਵੋਟਰ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅੰਦਰ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦੋ-ਦੋ ਵਿਦਿਆਰਥੀ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਇੱਕ-ਇੱਕ ਵੋਟ ਜ਼ਰੂਰੀ ਦੇ ਸੁਨੇਹੇ ਨੂੰ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਘਰ-ਘਰ ਪਹੁੰਚਾਇਆ ਜਾ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਸਮੂਹ ਵੋਟਰਾਂ ਦੀ ਵੋਟ ਯਕੀਨੀ ਬਣਾਉਣ ਲਈ ਸਲੋਗਨ ‘ਸਾਡੇ ਜ਼ਿਲ੍ਹਾ ਦੀ ਇਹ ਪਛਾਣ, 100 ਫੀਸਦੀ ਕਰਾਂਗੇ ਮਤਦਾਨ’ ਰਾਹੀਂ ਵੋਟਰ ਸਾਖਰਤਾ ਕਲੱਬਾਂ, ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਅਤੇ ਰਾਸ਼ਟਰੀ ਕੈਡਿਟ ਕੋਰ ਦੇ ਵਲੰਟੀਅਰਾਂ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ। ਜਿਸ ਨੂੰ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…