ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਦੇ ਆਗੂਆਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ

ਸਿੱਖਿਆ ਭਵਨ ਦੇ ਬਾਹਰ 10 ਮਾਰਚ ਨੂੰ ਭਗਵੰਤ ਮਾਨ ਦਾ ਪਿੱਟ ਸਿਆਪਾ ਕਰਨਗੀਆਂ ਕੁੱਕ ਬੀਬੀਆਂ

ਨਬਜ਼-ਏ-ਪੰਜਾਬ, ਮੁਹਾਲੀ, 3 ਮਾਰਚ:
ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਮਿਡ-ਡੇਅ-ਮੀਲ ਕੁੱਕ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਸਕੱਤਰ ਕੇ.ਕੇ. ਯਾਦਵ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਕੁੱਕ ਬੀਬੀਆਂ ਵਿੱਚ ਭਾਰੀ ਰੋਸ ਹੈ। ਹਾਲਾਂਕਿ ਮੀਟਿੰਗ ਵਿੱਚ ਕੁੱਕ ਬੀਬੀਆਂ ਦੀ ਤਨਖ਼ਾਹ, ਕਿਰਤ ਕਾਨੂੰਨ ਸਮੇਤ ਹੋਰ ਵੱਖ ਵੱਖ ਮੰਗਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਪ੍ਰੰਤੂ ਅਧਿਕਾਰੀ ਨੇ ਮੰਗਾਂ ਸਬੰਧੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ।
ਆਗੂਆਂ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਵਾਂਗ ਮਿਡ-ਡੇਅ-ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ ਪ੍ਰੰਤੂ ਅਧਿਕਾਰੀ ਨੇ ਭਰੋਸਾ ਦੇਣ ਦੀ ਥਾਂ ਮਾਮਲੇ ਨੂੰ ਪੇਚੀਦਾ ਦੱਸਦਿਆਂ ਹੱਥ ਖੜੇ ਕਰ ਦਿੱਤੇ। ਇਸ ਸਮੇਂ ਕੁੱਕ ਬੀਬੀਆਂ ਨੂੰ ਮਹਿਜ਼ ਤਿੰਨ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਮੌਕਿਆਂ ’ਤੇ ਯੋਗ ਤਨਖ਼ਾਹ ਦੇਣ ਦਾ ਵਾਅਦਾ ਕਰਕੇ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕੁੱਕ ਬੀਬੀਆਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਜਿੱਥੇ ਕਿਰਤ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉੱਥੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਪੰਜਾਬ ਭਰ ਦੀਆਂ ਕੁੱਕ ਬੀਬੀਆਂ ਵੱਲੋਂ 10 ਮਾਰਚ ਨੂੰ ਸਿੱਖਿਆ ਭਵਨ ਅਤੇ ਡੀਜੀਐਸਈ ਦਫ਼ਤਰ ਦਾ ਘਿਰਾਓ ਕਰਕੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਮਿਡ-ਡੇਅ-ਮੀਲ ਕੁੱਕ ਨੂੰ ਵਧੀ ਹੋਈ 9 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ। ਹਰ ਸਾਲ ਵਧ ਰਹੀ ਮਹਿੰਗਾਈ ਅਨੁਸਾਰ ਤਨਖ਼ਾਹਾਂ ਵਿੱਚ 5 ਫੀਸਦੀ ਵਾਧਾ ਕਰਨ ਦੇ ਨਿਯਮ ਲਾਗੂ ਕੀਤੇ ਜਾਣ।
ਉਨ੍ਹਾਂ ਦੱਸਿਆ ਮਿਡ-ਡੇਅ-ਮੀਲ ਕੁੱਕ ਬੀਏ ਪਾਸ ਹਨ। ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉੱਥੇ ਤੁਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਜਿੱਥੇ ਬੱਚੇ ਘੱਟ ਹਨ, ਉੱਥੇ ਕੁੱਕ ਨੂੰ ਫਾਰਗ ਕਰਨ ਦਾ ਪੱਤਰ ਵਾਪਸ ਲਿਆ ਜਾਵੇ। ਮੀਟਿੰਗ ਵਿੱਚ ਮਿਡ-ਡੇਅ-ਮੀਲ ਸਟੇਟ ਮੈਨੇਜਰ ਵਰਿੰਦਰ ਸਿੰਘ ਬਰਾੜ ਸਮੇਤ ਜ਼ਿਲ੍ਹਾ ਪਟਿਆਲਾ ਦੀ ਪ੍ਰਧਾਨ ਸੁਖਜੀਤ ਕੌਰ ਲਚਕਾਣੀ ਅਤੇ ਸਿਮਰਨਜੀਤ ਕੌਰ ਅਜਨੌਦਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…