Nabaz-e-punjab.com

ਨਵਾਂ ਵਿੱਦਿਅਕ ਸੈਸ਼ਨ ਸ਼ੁਰੂ: ਸਿੱਖਿਆ ਬੋਰਡ ਨੂੰ ਕਿਤਾਬਾਂ ਦੀ ਵੰਡ ਲਈ ਚੋਣ ਕਮਿਸ਼ਨ ਦੀ ਹਰੀ ਝੰਡੀ ਦੀ ਉਡੀਕ

ਚੋਣ ਕਮਿਸ਼ਨ ਦੀ ਪ੍ਰਵਾਨਗੀ ਮਿਲਦੇ ਹੀ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੋਣਗੀਆਂ ਸਾਰੀਆਂ ਕਿਤਾਬਾਂ: ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਇੱਥੇ ਅਕਾਦਮਿਕ ਸਾਲ 2019-20 ਲਈ ਕਿਤਾਬਾਂ ਪਾਠ-ਪੁਸਤਕਾਂ ਦੀ ਛਪਾਈ ਤੇ ਸਪਲਾਈ ਦੀ ਸਮੀਖਿਆ ਕਰਨ ਉਪਰੰਤ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲਗਪਗ ਸਾਰੇ ਬਲਾਕਾਂ ਵਿੱਚ ਹੀ ਲੋੜੀਂਦੀਆਂ ਪਾਠ-ਪੁਸਤਕਾਂ ਪੁੱਜਦੀਆਂ ਕਰ ਦਿੱਤੀਆਂ ਗਈਆਂ ਹਨ ਜੋ ਕਿ ਵਿਦਿਆਰਥੀਆਂ ਦੇ ਦਾਖਲੇ ਲੈਣ ਅਤੇ ਚੋਣ ਕਮਿਸ਼ਨ ਤੋਂ ਪੁਸਤਕਾਂ ਦੀ ਵੰਡ ਕਰਨ ਦੀ ਇਜਾਜ਼ਤ ਮਿਲਣ ਮਗਰੋਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਆ ਜਾਣਗੀਆਂ।
ਸ੍ਰੀ ਕਲੋਹੀਆ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾੜੇ ਆਰਥਿਕ ਹਾਲਾਤ ਦੇ ਬਾਵਜੂਦ ਵਧੀਆ ਪਾਠ-ਪੁਸਤਕਾਂ ਵੇਲੇ ਸਿਰ ਤਿਆਰ ਕਰਵਾ ਕੇ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਬਲਾਕ ਪੱਧਰੀ ਸਟੋਰਾਂ ਦੇ ਭਰੇ ਹੋਣ ਦਾ ਕਾਰਨ ਪਾਠ-ਪੁਸਤਕਾਂ ਦੀ ਅਗਲੇਰੀ ਸਪਲਾਈ ਦੇ ਕਾਰਜ ਦੀ ਚਾਲ ਮੱਠੀ ਹੋਣਾ ਹੈ ਜੋ ਕਿ ਕੁਦਰਤੀ ਹੀ ਹੈ। ਪਾਠ ਪੁਸਤਕਾਂ ਦੇ ਸਮੁੱਚੇ ਕਾਰਜ ਦੀ ਸਮੀਖਿਆ ਉਪਰੰਤ ਮੀਡੀਆ ਨੂੰ ਜਾਰੀ ਜਾਣਕਾਰੀ ਵਿੱਚ ਸਿੱਖਿਆ ਬੋਰਡ ਦੇ ਮੁਖੀ ਨੇ ਕਿਹਾ ਕਿ ਅੰਮ੍ਰਿਤਸਰ, ਸੰਗਰੂਰ, ਲੁਧਿਆਣਾ, ਫ਼ਿਰੋਜ਼ਪੁਰ ਵਰਗੇ ਵੱਡੇ ਜ਼ਿਲ੍ਹਿਆਂ ਸਮੇਤ ਸਾਰੇ ਬਲਾਕਾਂ ਵਿੱਚ ਹੀ ਬਲਾਕ ਪੱਧਰ ‘ਤੇ ਸਟੋਰਾਂ ਵਿੱਚ ਪਈਆਂ ਪਾਠ-ਪੁਸਤਕਾਂ ਦੀ ਗਿਣਤੀ 65 ਲੱਖ ਤੋੱ ਵੀ ਵਧ ਚੁੱਕੀ ਹੈ ਤੇ ਬੋਰਡ ਵੱਲੋਂ ਰੋਜ਼ ਲਗਪਗ 10 ਲੱਖ ਪਾਠ-ਪੁਸਤਕਾਂ ਬਲਾਕਾਂ ਵੱਲ ਭੇਜੀਆਂ ਜਾ ਰਹੀਆਂ ਹਨ।
ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਸਪਲਾਈ ਰਾਜ ਭਰ ਵਿੱਚ ਵਧਾਉਣ ਲਈ ਮਾਰਚ 2019 ਵਿੱਚ ਹੀ 5 ਡਿਪੂ ਹੋਰ ਅਰੰਭ ਕਰਕੇ ਅਤੇ ਆਰਜ਼ੀ ਡਿੱਪੂਆਂ ਦੀ ਸਥਾਪਨਾ ਕਰਕੇ ਰਾਜ ਦੇ 21 ਜ਼ਿਲ੍ਹਾ ਹੈਡਕੁਆਟਰਾਂ ਤੋਂ ਬਲਾਕਾਂ ਵਿੱਚ ਪਾਠ-ਪੁਸਤਕਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਜਦੋਂਕਿ ਜ਼ਿਲ੍ਹਾ ਬਰਨਾਲਾ ਦਾ ਕਾਰਜ ਸੰਗਰੂਰ ਡਿੱਪੂੂ ਵੱਲੋਂ ਹੀ ਮੁਕੰਮਲ ਕੀਤਾ ਜਾ ਰਿਹਾ ਹੈ। ਸਿੱਖਿਆ ਬੋਰਡ ਵਿੱਚ ਪਹਿਲੀ ਵਾਰ ਪ੍ਰੀਖਿਆ ਸੈੱਲ ਵਾਂਗੂ ਹੀ ਦਿਨ ਰਾਤ ਪਾਠ-ਪੁਸਤਕਾਂ ਦੇ ਛਪਾਈ ਤੇ ਸਪਲਾਈ ਕਾਰਜ ਤੇ ਨਜ਼ਰ ਰੱਖਣ ਲਈ ਉਚੇਚੇ ਸੈੱਲ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਪੱਧਰ ਤੇ ਆਉਣ ਵਾਲੀ ਅੌਕੜ ਨੂੰ ਤੁਰੰਤ ਹੱਲ ਕਰ ਕੇ ਵਿਦਿਆਰਥੀਆਂ ਤੱਕ ਪਾਠ-ਪੁਸਤਕਾਂ ਪੁੱਜਦੀਆਂ ਕਰਨ ਦਾ ਕਾਰਜ ਨਿਰਵਿਘਨ ਚਲਾਇਆ ਜਾ ਸਕੇ।

Load More Related Articles
Load More By Nabaz-e-Punjab
Load More In Education and Board

Check Also

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਨਬਜ਼-ਏ…