Share on Facebook Share on Twitter Share on Google+ Share on Pinterest Share on Linkedin 6ਵੀਂ ਤੋਂ ਅੱਠਵੀਂ ਸ਼੍ਰੇਣੀ ਲਈ ਅਗਲੇ ਸੈਸ਼ਨ ਤੋਂ ਲਾਗੂ ਹੋਣਗੀਆਂ ਨਵੀਆਂ ਪਾਠ-ਪੁਸਤਕਾਂ: ਚੇਅਰਮੈਨ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਿਰਜੋੜ ਕੇ ਬੈਠੇ ਮਾਹਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਾਠ-ਪੁਸਤਕਾਂ ਦੇ ਰਿਵਿਊ ਲਈ ਪੰਜ ਰੋਜ਼ਾ ਵਰਕਸ਼ਾਪ ਲਗਾਈ ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ 2026: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਗਲੇ ਵਿੱਦਿਅਕ ਸੈਸ਼ਨ ਤੋਂ ਸਰਕਾਰੀ ਸਕੂਲਾਂ ਵਿਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਲਈ ਨਵੀਆਂ ਪਾਠ-ਪੁਸਤਕਾਂ ਲਾਗੂ ਕੀਤੀਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਿੱਖਿਆ ਭਵਨ ਵਿਖੇ 6ਵੀਂ ਜਮਾਤ ਤੋਂ ਅੱਠਵੀਂ ਜਮਾਤ ਦੀਆਂ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸੋਸ਼ਲ ਸਾਇੰਸ ਦੀਆਂ ਪਾਠ-ਪੁਸਤਕਾਂ ਦੇ ਰਿਵਿਊ ਅਤੇ ਅਪਡੇਸ਼ਨ ਲਈ ਪੰਜ ਰੋਜ਼ਾ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਵੱਖ-ਵੱਖ ਵਿਸ਼ਾ ਮਾਹਰਾਂ, ਸਰਕਾਰੀ ਸਕੂਲਾਂ ਦੇ ਅਗਾਂਹਵਧੂ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਇਕੱਠਿਆਂ ਮਿਲ ਬੈਠ ਕੇ ਕੇ ਪਾਠ-ਪੁਸਤਕਾਂ ਨੂੰ ਹੋਰ ਆਧੁਨਿਕ, ਪ੍ਰਸੰਗਿਕ ਅਤੇ ਕੰਪੀਟੈਂਸੀ-ਆਧਾਰਿਤ ਬਣਾਉਣ ਲਈ ਖੁੱਲ੍ਹ ਕੇ ਲੰਬੀ ਵਿਚਾਰ-ਚਰਚਾ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਵਰਕਸ਼ਾਪ ਵਿਚ ਖ਼ਾਸ ਤੌਰ ‘ਤੇ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਪਾਠ-ਪੁਸਤਕਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 6ਵੀਂ ਤੋਂ ਅੱਠਵੀਂ ਜਮਾਤ ਤੱਕ ਦੀਆਂ ਨਵੀਆਂ ਪਾਠ-ਪੁਸਤਕਾਂ ਅਗਲੇ ਅਕਾਦਮਿਕ ਸੈਸ਼ਨ ਤੋਂ ਲਾਗੂ ਹੋਣਗੀਆਂ, ਜਦਕਿ ਬਾਕੀ ਜਮਾਤਾਂ ਦੀਆਂ ਕਿਤਾਬਾਂ ਦਾ ਰਿਵਿਊ ਵੀ ਪੜਾਅਵਾਰ ਕੀਤਾ ਜਾਵੇਗਾ। ਇਸ ਸਬੰਧੀ ਪਹਿਲਾਂ ਹੀ ਲਗਭਗ 2000 ਤੋਂ ਵੱਧ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ ਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ। ਬੋਰਡ ਮੁਖੀ ਨੇ ਦੱਸਿਆ ਕਿ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸੋਸ਼ਲ ਸਾਇੰਸ (ਸਮਾਜਿਕ ਵਿਗਿਆਨ) ਦੇ ਪਾਠਕ੍ਰਮ ਦਾ ਰਿਵਿਊ (ਪੁਨਰ-ਵਿਚਾਰ) ਅਤੇ ਅਪਡੇਸ਼ਨ (ਨਵੀਨੀਕਰਨ) ਕੀਤਾ ਗਿਆ ਹੈ। ਬੋਰਡ ਮੈਨੇਜਮੈਂਟ ਅਨੁਸਾਰ ਇਸ ਸਾਰੀ ਕਵਾਇਦ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੈ। ਨਵੀਆਂ ਪਾਠ-ਪੁਸਤਕਾਂ ਨੂੰ ਅਜੋਕੇ ਦੌਰ ਅਤੇ ਨਵੀਂ ਤਕਨਾਲੋਜੀ ਦੇ ਹਿਸਾਬ ਨਾਲ ਢਾਲਿਆ ਜਾ ਰਿਹਾ ਹੈ। ਰੱਟਾ ਲਗਾਉਣ ਦੀ ਬਜਾਏ ਵਿਦਿਆਰਥੀਆਂ ਦੀ ਸਮਝ ਅਤੇ ਹੁਨਰ ਨੂੰ ਵਧਾਉਣ ‘ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ। ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਵਿਲੱਖਣ ਕਾਰਜ ਲਈ ਵੱਖ-ਵੱਖ ਵਿਸ਼ਾ ਮਾਹਰਾਂ, ਤਜਰਬੇਕਾਰ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਕਿਤਾਬਾਂ ਬਦਲਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪੜ੍ਹਾਉਣਾ ਵੀ ਜ਼ਰੂਰੀ ਹੈ। ਇਸ ਲਈ ਬੋਰਡ ਵੱਲੋਂ ਹਜ਼ਾਰਾਂ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ ਦੀ ਸਿਖਲਾਈ ਵੀ ਦਿੱਤੀ ਗਈ ਹੈ, ਤਾਂ ਜੋ ਉਹ ਸਕੂਲਾਂ ਵਿਚ ਵਿਦਿਆਰਥੀਆਂ ਨਵੇਂ ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਸਕਣ। ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਦੀਆਂ ਕਿਤਾਬਾਂ ਦਾ ਰਿਵਿਊ ਵੀ ਛੇਤੀ ਹੀ ਪੜਾਅਵਾਰ ਤਰੀਕੇ ਨਾਲ ਕੀਤਾ ਜਾਵੇਗਾ। ਸਿੱਖਿਆ ਬੋਰਡ ਦਾ ਇਹ ਕਦਮ ਪੰਜਾਬ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਇਕ ਵੱਡੀ ਪਹਿਲਕਦਮੀ ਸਾਬਤ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ