ਕਮਿਊਨਿਟੀ ਸੈਂਟਰ ਨੂੰ ਪੁਲੀਸ ਤੋਂ ਖਾਲੀ ਕਰਵਾਉਣ ਲਈ ‘ਆਪ’ ਵਿਧਾਇਕ ਦਾ ਬੂਹਾ ਖੜਕਾਇਆ

ਫਰੈਂਡਜ਼ ਸਪੋਰਟਸ ਤੇ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਨੇ ਐਮਐਲਏ ਕੁਲਵੰਤ ਸਿੰਘ ਨੂੰ ਸੌਂਪਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 18 ਜੂਨ:
ਇੱਥੋਂ ਦੇ ਫੇਜ਼-11 ਦੇ ਵਸਨੀਕਾਂ ਨੇ ਪੁਲੀਸ ਵਿਭਾਗ ਤੋਂ ਕਮਿਊਨਿਟੀ ਸੈਂਟਰ ਖਾਲੀ ਕਰਵਾਉਣ ਲਈ ‘ਆਪ’ ਵਿਧਾਇਕ ਕੁਲਵੰਤ ਸਿੰਘ ਦਾ ਬੂਹਾ ਖੜਕਾਇਆ। ਕਮਿਊਨਿਟੀ ਸੈਂਟਰ ’ਤੇ ਪੁਲੀਸ ਦਾ ਕਬਜ਼ਾ ਹੋਣ ਕਾਰਨ ਲੋਕ ਕਾਫ਼ੀ ਅੌਖੇ ਹਨ। ਕਮਾਂਡੋ ਫੋਰਸ ਇੱਥੇ ਹੀ ਆਪਣੇ ਵਾਹਨ ਖੜ੍ਹਾਉਂਦੇ ਹਨ ਅਤੇ ਖਾਣਾ ਬਣਾਉਂਦੇ ਹਨ। ਹੋਰ ਤਾਂ ਹੋਰ ਹੁਣ ਸਫ਼ਾਈ ਕਾਮਿਆਂ ਨੇ ਆਪਣੀਆਂ ਰੇਹੜੀਆਂ ਵੀ ਇੱਥੇ ਖੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਫਰੈਂਡਜ਼ ਸਪੋਰਟਸ ਤੇ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਕੈਪਟਨ ਕਰਨੈਲ ਸਿੰਘ, ਗੱਜਣ ਸਿੰਘ, ਸਵਰਨ ਲਤਾ, ਭਗਤ ਸਿੰਘ, ਰਣਜੀਤ ਸਿੰਘ, ਅਰਵਿੰਦਰਪਾਲ ਸਿੰਘ, ਰਣਜੀਤ ਸਿੰਘ ਢਿੱਲੋਂ, ਹਰਿੰਦਰਪਾਲ ਸਭਰਵਾਲ ਤੇ ਤੇਜਿੰਦਰ ਸਿੰਘ ਬਾਠ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕਮਿਊਨਿਟੀ ਸੈਂਟਰ ਵਿੱਚ ਪੁਲੀਸ ਮੁਲਾਜ਼ਮ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਸਰਕਾਰ ਨੇ ਕਰੀਬ 60 ਲੱਖ ਰੁਪਏ ਖ਼ਰਚ ਕਰਕੇ ਕਮਿਊਨਿਟੀ ਸੈਂਟਰ ਨੂੰ ਲੋਕਾਂ ਦੀ ਵਰਤੋਂ ਦੇ ਯੋਗ ਬਣਾਇਆ ਸੀ ਪ੍ਰੰਤੂ ਹੁਣ ਇੱਥੇ ਪੁਲੀਸ ਕਰਮਚਾਰੀਆਂ ਨੇ ਪੱਕਾ ਡੇਰਾ ਲਗਾ ਲਿਆ ਹੈ। ਜਿਸ ਕਾਰਨ ਸ਼ਹਿਰ ਵਾਸੀ ਕਾਫ਼ੀ ਤੰਗ ਪ੍ਰੇਸ਼ਾਨ ਹਨ। ਇਸ ਖੇਤਰ ਵਿੱਚ ਜ਼ਿਆਦਾਤਰ ਗਰੀਬ ਤੇ ਮੱਧ ਵਰਗੀ ਲੋਕ ਰਹਿੰਦੇ ਹਨ, ਜੋ ਮਹਿੰਗੇ ਮੈਰਿਜ ਪੈਲੇਸਾਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਕਰਨ ਤੋਂ ਅਸਮਰੱਥ ਹਨ। ਪੁਲੀਸ ਫੋਰਸ ਦੇ ਰਹਿਣ ਕਾਰਨ ਹੁਣ ਲੋਕ ਬੁਕਿੰਗ ਕਰਵਾਉਣ ਤੋਂ ਵੀ ਕਤਰਾਉਣ ਲੱਗ ਪਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ਹੀ ’ਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ।
ਉਧਰ, ਪੁਲੀਸ ਅਧਿਕਾਰੀ ਇਹ ਤਰਕ ਦੇ ਰਹੇ ਹਨ ਕਿ ਇੱਥੇ ਕਿਸੇ ਮੁਲਾਜ਼ਮ ਦੀ ਪੱਕੀ ਰਿਹਾਇਸ਼ ਨਹੀਂ ਹੈ, ਬਲਕਿ ਐਮਰਜੈਂਸੀ ਅਤੇ ਵੀਵੀਆਈਪੀ ਡਿਊਟੀ ਲਈ ਬਾਹਰੋਂ ਆਉਂਦੀ ਫੋਰਸ ਲਈ ਹੀ ਆਰਜ਼ੀ ਤੌਰ ’ਤੇ ਕਮਿਊਨਿਟੀ ਸੈਂਟਰ ਨੂੰ ਵਰਤਿਆ ਜਾਂਦਾ ਹੈ।
ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਕਮਿਊਨਿਟੀ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ, ਇਹ ਸਿਰਫ਼ ਲੋਕਾਂ ਦੀ ਵਰਤੋਂ ਲਈ ਹੀ ਹੋਣਾ ਚਾਹੀਦਾ ਹੈ, ਪ੍ਰੰਤੂ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਪੁਲੀਸ ਫੋਰਸ ਲਈ ਸਰਕਾਰੀ ਰਿਹਾਇਸ਼ੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਕਰਮਚਾਰੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਡੀਐਸਪੀ (ਸੇਵਾਮੁਕਤ) ਹਰਬੰਸ ਸਿੰਘ ਰਿਆੜ ਨੇ ਕਿਹਾ ਕਿ ਪੁਲੀਸ ਸੁਰੱਖਿਆ ਦੀ ਲੋੜ ਸਾਰਿਆਂ ਨੂੰ ਹੈ ਪ੍ਰੰਤੂ ਸਭ ਤੋਂ ਵੱਧ ਮੁਸ਼ਕ ਵੀ ਲੋਕਾਂ ਨੂੰ ਪੁਲੀਸ ਤੋਂ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਨਾ ਪੁਲੀਸ ਲਾਈਨ ਹੈ ਅਤੇ ਨਾ ਹੀ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਰਿਹਾਇਸ਼ ਦਾ ਪ੍ਰਬੰਧ ਹੈ, ਅਜਿਹੇ ਵਿੱਚ ਪੁਲੀਸ ਕਿੱਥੇ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਵਿਧਾ ਦੇ ਨਾਲ-ਨਾਲ ਪੁਲੀਸ ਦਾ ਵੀ ਖਿਆਲ ਰੱਖਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…