ਗਮਾਡਾ ਤੇ ਪੁਲੀਸ ਦਾ ਸਾਂਝਾ ਐਕਸ਼ਨ: 800 ਤੋਂ ਵੱਧ ਝੁੱਗੀਆਂ ’ਤੇ ਚੱਲਿਆ ਬੁਲਡੋਜ਼ਰ

ਪੁਲੀਸ ਤੇ ਗਮਾਡਾ ਨੇ ਲੋਕਾਂ ਦੇ ਸਹਿਯੋਗ ਨਾਲ ਬਹੁ-ਕਰੋੜੀ ਸਰਕਾਰੀ ਜ਼ਮੀਨ ਖਾਲੀ ਕਰਵਾਈ

ਸੋਹਾਣਾ ਥਾਣਾ ਦੇ ਐਸਐਚਓ ਨੇ ਨਸ਼ੇ ਵੇਚਣ ਵਾਲੇ ਦੋ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਏ

ਨਬਜ਼-ਏ-ਪੰਜਾਬ, ਮੁਹਾਲੀ, 27 ਜੁਲਾਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪੁਲੀਸ ਫੋਰਸ ਦੀ ਮਦਦ ਨਾਲ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਬੈਠੇ ਰਾਜਸਥਾਨੀ ਅਤੇ ਯੂਪੀ, ਬਿਹਾਰ ਦੇ ਮਜ਼ਦੂਰਾਂ ਨੂੰ ਖਦੇੜਿਆਂ ਗਿਆ। ਇਸ ਦੌਰਾਨ ਕਰੀਬ 800 ਝੁੱਗੀਆਂ ਨੂੰ ਤਹਿਸ-ਨਹਿਸ ਕਰਕੇ ਮੁਹਾਲੀ ਏਅਰਪੋਰਟ ਸੜਕ ਦੇ ਬਿਲਕੁਲ ਨਾਲ ਲਗਦੀ ਬਹੁ-ਕਰੋੜੀ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ। ਗਮਾਡਾ ਦੀ ਇਸ ਕਾਰਵਾਈ ਦੌਰਾਨ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਕਾਬਿਲੇਗੌਰ ਹੈ ਕਿ ਕਈ ਦਿਨ ਪਹਿਲਾਂ ਡੀਐਸਪੀ ਬੱਲ ਨੇ ਮਜ਼ਦੂਰਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਸੀ ਲੇਕਿਨ ਨਾਜਾਇਜ਼ ਕਲੋਨੀ ਵਸਾ ਕੇ ਬੈਠੇ ਮਜ਼ਦੂਰਾਂ ਨੇ ਪ੍ਰਸ਼ਾਸਨ ਦੀ ਇੱਕ ਨਹੀਂ ਸੁਣੀ।
ਇਸ ਜ਼ਮੀਨ ’ਤੇ ਕਈ ਵਿਅਕਤੀਆਂ ਨੇ ਤਾਂ ਬਾਕਾਇਦਾ ਲੈਂਟਰ ਵੀ ਪਾਏ ਹੋਏ ਸਨ। ਜਿਨ੍ਹਾਂ ਨੂੰ ਅੱਜ ਗਮਾਡਾ ਨੇ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ ਜਦੋਂਕਿ ਮਜ਼ਦੂਰਾਂ ਦਾ ਸਾਮਾਨ ਪਿੰਡ ਵਾਸੀਆਂ ਨੇ ਟਰਾਲੀਆਂ ਵਿੱਚ ਲੱਦ ਕੇ ਮਜ਼ਦੂਰਾਂ ਦੇ ਦੱਸੇ ਸਥਾਨ ’ਤੇ ਪੁੱਜਦਾ ਕੀਤਾ ਗਿਆ।
ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਕਤ ਸਰਕਾਰੀ ਜ਼ਮੀਨ ’ਤੇ ਬਣੀਆਂ ਝੁੱਗੀਆਂ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣੀ ਹੋਈ ਸੀ ਅਤੇ ਇੱਥੇ ਸ਼ਰ੍ਹੇਆਮ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲੀਸ ਅਨੁਸਾਰ ਸਮਾਜ ਵਿਰੋਧੀ ਅਨਸਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਜਿਹੀਆਂ ਝੁੱਗੀਆਂ ਵਿੱਚ ਜਾ ਕੇ ਲੁਕ ਜਾਂਦੇ ਸਨ। ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਇਹ ਜ਼ਮੀਨ ਖਾਲੀ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਲੇਕਿਨ ਮਜ਼ਦੂਰਾਂ ਨੇ ਨੋਟਿਸ ਦੀ ਕੋਈ ਪ੍ਰਵਾਹ ਨਹ ਕਰਦੇ ਜਗ੍ਹਾ ਖਾਲੀ ਨਹੀਂ ਕੀਤੀ। ਜਿਸ ਕਾਰਨ ਅੱਜ ਗਮਾਡਾ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ। ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾ ਹਟਾਉਣ ਤੋਂ ਬਾਅਦ ਜ਼ਮੀਨ ਨੂੰ ਪੱਧਰਾ ਕੀਤਾ ਗਿਆ।

ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਨ੍ਹਾਂ ਝੁੱਗੀਆਂ ਵਿੱਚ ਕੁੱਝ ਵਿਅਕਤੀ ਸ਼ਰ੍ਹੇਆਮ ਨਸ਼ਾ ਵੇਚ ਰਹੇ ਸਨ ਅਤੇ ਇਹ ਥਾਂ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਸੀ। ਜਿਸ ਕਾਰਨ ਪਿੰਡ ਵਾਸੀ ਵੀ ਕਾਫ਼ੀ ਅੌਖੇ ਸਨ ਅਤੇ ਉਹ ਕਾਫ਼ੀ ਸਮੇਂ ਤੋਂ ਇੱਥੋਂ ਝੁੱਗੀਆਂ ਹਟਾਉਣ ਦੀ ਮੰਗ ਕਰਦੇ ਆ ਰਹੇ ਸੀ।
ਉਧਰ, ਸੋਹਾਣਾ ਥਾਣਾ ਦੇ ਐਸਐਚਓ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਵਾਲੀ ਟੀਮ ਨੇ ਨਸ਼ਾ ਵੇਚਣ ਦੇ ਦੋਸ਼ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…