ਨੈਸ਼ਨਲ ਹਾਈਵੇਅ ਤੋਂ 500 ਮੀਟਰ ਦੂਰੀ ’ਤੇ ਸ਼ਰਾਬ ਦੇ ਠੇਕੇ ਸਥਾਪਿਤ ਕਰਨ ਸਬੰਧੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ: ਮਾਨ

ਵਧੀਕ ਡਿਪਟੀ ਕਮਿਸ਼ਨਰ ਨੇ ਕਰ ਤੇ ਆਬਕਾਰੀ, ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਸੁਪਰੀਮ ਕੋਰਟ ਵੱਲੋਂ ਸ਼ਰਾਬ ਦੇ ਠੇਕੇ ਨੈਸ਼ਨਲ ਹਾਈਵੇ ਤੋਂ 500 ਮੀਟਰ ਦੀ ਦੂਰੀ ਤੇ ਸਥਾਪਿਤ ਕਰਨ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਪੈਂਦੀ ਨੈਸ਼ਨਲ ਹਾਈਵੇ ਤੇ ਇੰਨ ਬਿੰਨ ਲਾਗੂ ਕੀਤਾ ਜਾਵੇ ਅਤੇ ਕੋਈ ਵੀ ਸ਼ਰਾਬ ਦਾ ਠੇਕਾ 500 ਮੀਟਰ ਦੀ ਦੂਰੀ ਤੋਂ ਨੇੜੇ ਨਹੀਂ ਹੋਣਾ ਚਾਹੀਦਾ । ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਰ ਅਤੇ ਆਬਕਾਰੀ ਵਿਭਾਗ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।
ਸ੍ਰੀ ਮਾਨ ਨੇ ਇਸ ਮੌਕੇ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜਿਲ੍ਹੇ ਵਿਚ ਸ਼ਰਾਬ ਦੀ ਵਿਕਰੀ ਕੇਵਲ ਨਿਯਮਤ ਠੇਕਿਆਂ ਤੇ ਹੀ ਹੋਣੀ ਚਾਹੀਦੀ ਹੈ। ਕਿਸੇ ਵੀ ਠੇਕੇਦਾਰ ਨੂੰ ਆਰਜ਼ੀ ਤੌਰ ਤੇ ਬਣਾਏ ਸ਼ਰਾਬ ਦੇ ਨਜ਼ਾਇਜ ਠੇਕੇ ਤੇ ਸ਼ਰਾਬ ਦੀ ਵਿਕਰੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਕਸਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਠੇਕੇਦਾਰ ਕਈ ਥਾਵਾਂ ਤੇ ਮੋਬਾਇਲ ਵੈਨਾਂ ਰਾਹੀਂ ਵੀ ਸ਼ਰਾਬ ਦੀ ਵਿਕਰੀ ਕਰਦੇ ਹਨ। ਜਿਸ ਨਾਲ ਅਮਨ ਕਾਨੂੰਨ ਦੀ ਵਿਵਸਥਾ ਭੰਗ ਹੁੰਦੀ ਹੈ। ਜਿਲ੍ਹੇ ਵਿਚ ਅਜਿਹਾ ਕਿਸੇ ਵੀ ਕੀਮਤ ਤੇ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਰ ਅਤੇ ਅਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਨਿਯਮਤ ਠੇਕਿਆਂ ਦੀ ਸੂਚੀ ਪੁਲੀਸ ਵਿਭਾਗ ਅਤੇ ਸਬੰਧਤ ਐਸਡੀਐਮਜ਼ ਨੂੰ ਸੌਂਪਣ ਲਈ ਵੀ ਆਖਿਆ। ਉਨ੍ਹਾਂ ਇਸ ਮੌਕੇ ਸਮੂਹ ਐਸ.ਡੀ.ਐਮਜ਼ ਨੂੰ ਵੀ ਨਜ਼ਾਇਜ਼ ਠੇਕਿਆਂ ਰਾਹੀਂ ਵੇਚੀ ਜਾਣ ਵਾਲੀ ਸ਼ਰਾਬ ਦੀ ਸਮੇਂ ਸਮੇਂ ਤੇ ਚੈਕਿੰਗ ਕਰਨ ਲਈ ਆਖਿਆ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਸ੍ਰੀ ਮਾਨ ਨੇ ਇਸ ਮੌਕੇ ਕੁਝ ਪਿੰਡਾਂ ਵਿਚ ਲੋਕਾਂ ਵੱਲੋਂ ਠੇਕਾ ਖੋਲ੍ਹਣ ਦੇ ਕੀਤੇ ਜਾ ਰਹੇ ਵਿਰੋਧ ਨੂੰ ਲੋਕਾਂ ਦੇ ਪਿੰਡਾਂ ਦੀ ਸਹਿਮਤੀ ਨਾਲ ਨਜਿੱਠਣ ਦੀ ਪਹਿਲ ਕਦਮੀ ਕਰਨ ਲਈ ਵੀ ਆਖਿਆ ਤਾਂ ਜੋ ਕਿਸੇ ਵੀ ਕੀਮਤ ਤੇ ਕਾਨੂੰਨ ਵਿਵਿਸਥਾ ਵਿਚ ਵਿਗਾੜ ਨਾ ਆਵੇ। ਮੀਟਿੰਗ ਵਿਚ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਸਕਿਰਨ ਸਿੰਘ ਤੇਜਾ, ਐਸਡੀਐਮ ਡੇਰਾਬਸੀ ਰੂਹੀ ਦੁੱਗ, ਐਸਡੀਐਮ ਮੁਹਾਲੀ ਅਨੁਪ੍ਰੀਤਾ ਜੌਹਲ, ਐਸ.ਡੀ.ਐਮ ਖਰੜ ਅਮਨਿੰਦਰ ਕੌਰ ਬਰਾੜ ਅਤੇ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…