nabaz-e-punjab.com

ਉਦਯੋਗਿਕ ਪਲਾਟ ਅਲਾਟਮੈਂਟ ਘੁਟਾਲਾ: ਐਸਡੀਓ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ

ਵਿਜੀਲੈਂਸ ਨੇ ਅਧਿਕਾਰੀ ਦੀ ਗ੍ਰਿਫ਼ਤਾਰੀ ਪਾ ਕੇ ਤਿੰਨ ਦਿਨ ਦਾ ਰਿਮਾਂਡ ਲਿਆ

ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਨੂੰ ਉਦਯੋਗਿਕ ਪਲਾਟ ਅਲਾਟਮੈਂਟ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐਸਆਈਈਸੀ) ਦੇ ਉਪ ਮੰਡਲ ਇੰਜੀਨੀਅਰ (ਐਸਡੀਓ) ਸਵਤੇਜ ਸਿੰਘ ਵੱਲੋਂ ਅੱਜ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ। ਸਨਅਤੀ ਪਲਾਟ ਘੁਟਾਲੇ ਸਬੰਧੀ ਵਿਜੀਲੈਂਸ ਦੇ ਮੁਹਾਲੀ ਸਥਿਤ ਫਲਾਇੰਗ ਸਕੁਐਡ-1 ਥਾਣੇ ਵਿੱਚ ਬੀਤੀ 8 ਮਾਰਚ ਨੂੰ ਧਾਰਾ 409, 420, 465, 467, 468, 471, 120-ਬੀ ਅਤੇ 13(1)ਏ ਸਮੇਤ 13(2) ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਕਤ ਅਧਿਕਾਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪ੍ਰੰਤੂ ਮੁਲਜ਼ਮ ਅਧਿਕਾਰੀ ਹੁਣ ਤੱਕ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਲੇਕਿਨ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਵਿਜੀਲੈਂਸ ਵੱਲੋਂ ਐਸਡੀਓ ਦੀ ਗ੍ਰਿਫ਼ਤਾਰੀ ਪਾਈ ਗਈ।
ਵਿਜੀਲੈਂਸ ਦੀ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਸਵਤੇਜ ਸਿੰਘ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੁਰਤੇਜ ਸਿੰਘ ਦੇ ਨਾਂ ’ਤੇ ਮੈਸਰਜ਼ ਗੁਰਤੇਜ ਇੰਡਸਟਰੀਜ਼ ਨਾਂ ਦੀ ਫਰਜ਼ੀ ਫਰਮ ਬਣਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਮਨਰੂਪ ਸਿੰਘ ਅਤੇ ਕੁੱਝ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ’ਚੋਂ ਪੈਸੇ ਪੀਐੱਸਆਈਈਸੀ ਨੂੰ ਟਰਾਂਸਫ਼ਰ ਕਰਕੇ ਉਕਤ ਫ਼ਰਮ ਦੇ ਨਾਂ ’ਤੇ ਪਲਾਟ ਨੰਬਰ-ਏ-394, ਇੰਡਸਟਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ ਵਿਖੇ ਅਲਾਟ ਕਰ ਦਿੱਤਾ ਸੀ। ਮੁਲਜ਼ਮ ਅਧਿਕਾਰੀ ਵੱਲੋਂ ਅੱਜ ਖ਼ੁਦ ਹੀ ਅਦਾਲਤ ਵਿੱਚ ਪੇਸ਼ ਹੋਣ ਦੀ ਸੂਚਨਾ ਮਿਲਣ ’ਤੇ ਵਿਜੀਲੈਂਸ ਦੀ ਜਾਂਚ ਟੀਮ ਵੀ ਅਦਾਲਤ ਵਿੱਚ ਪਹੁੰਚ ਗਈ ਅਤੇ ਰਸਮੀ ਤੌਰ ’ਤੇ ਐਸਡੀਓ ਦੀ ਗ੍ਰਿਫ਼ਤਾਰੀ ਪਾਈ ਗਈ। ਵਿਜੀਲੈਂਸ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਅਧਿਕਾਰੀ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਉਸ ਕੋਲੋਂ ਸਨਅਤੀ ਪਲਾਟ ਘੁਟਾਲੇ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਅਤੇ ਪੁੱਛ-ਪੜਤਾਲ ਕਰਨੀ ਹੈ। ਅਦਾਲਤ ਨੇ ਸਵਤੇਜ ਸਿੰਘ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਐਸਡੀਓ ਦੇ ਸਪੁੱਤਰ ਸਮੇਤ ਸਬੰਧਤ ਉਨ੍ਹਾਂ ਸਾਰੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਨੇ ਸਨਅਤੀ ਪਲਾਟ ਦੀ ਅਲਾਟਮੈਂਟ ਸਬੰਧੀ ਪੈਸਿਆਂ ਦਾ ਭੁਗਤਾਨ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਆਗੂ ਸ਼ਾਮ ਸੁੰਦਰ ਅਰੋੜਾ ਸਮੇਤ ਕਈ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…