Share on Facebook Share on Twitter Share on Google+ Share on Pinterest Share on Linkedin ਸਾਲ 2023 ਦੀ ਅਖੀਰਲੀ ਨਗਰ ਨਿਗਮ ਮੀਟਿੰਗ ਵਿੱਚ ਕਮਿਸ਼ਨ ਲੈਣ ਦਾ ਮੁੱਦਾ ਉੱਠਿਆ, ਵਿਜੀਲੈਂਸ ਤੋਂ ਜਾਂਚ ਮੰਗੀ ਸਫ਼ਾਈ ਵਿਵਸਥਾ, ਨਾਜਾਇਜ਼ ਕਬਜ਼ੇ, ਰੇਹੜੀਆਂ-ਫੜੀਆਂ ਤੇ ਵਿਕਾਸ ਕੰਮਾਂ ਵਿੱਚ ਪੱਖਪਾਤ ਦੇ ਮੁੱਦੇ ਰਹੇ ਭਾਰੂ ਨਬਜ਼-ਏ-ਪੰਜਾਬ, ਮੁਹਾਲੀ, 22 ਦਸੰਬਰ: ਮੁਹਾਲੀ ਨਗਰ ਨਿਗਮ ਦੀ ਅੱਜ ਸਾਲ 2023 ਦੀ ਅਖੀਰਲੀ ਮੀਟਿੰਗ ਵਿੱਚ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਮਿਸ਼ਨ ਲੈਣ ਦਾ ਮੁੱਦਾ ਚੁੱਕਦਿਆਂ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਇੱਕ ਅਧਿਕਾਰੀ ਦਾ ਨਾਂ ਲੈ ਕੇ ਕਿਹਾ ਕਿ ਇਨ੍ਹਾਂ ਤੋਂ ਪੁੱਛਿਆ ਜਾਵੇ ਕਿ ਕੰਮਾਂ ਬਦਲੇ ਕਮਿਸ਼ਨ ਲਿਆਂਦਾ ਜਾਂਦਾ ਹੈ ਜਾਂ ਨਹੀਂ? ਜਦੋਂ ਇੱਕ ਸੀਨੀਅਰ ਅਧਿਕਾਰੀ ਨੇ ਸੇਠੀ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤਾਂ ਸੇਠੀ ਦਾ ਕਹਿਣਾ ਸੀ ਕਿ ਜੇਕਰ ਉਹ ਸੱਚੇ ਹਨ ਤਾਂ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ। ਸੁਖਦੇਵ ਸਿੰਘ ਪਟਵਾਰੀ ਤੇ ਹੋਰਨਾਂ ਮੈਂਬਰਾਂ ਨੇ ਸਫ਼ਾਈ ਵਿਵਸਥਾ ਦੀ ਦੁਰਦਸ਼ਾ ਦਾ ਮੁੱਦਾ ਚੁੱਕਿਆ। ਕਈ ਮਤਿਆਂ ’ਤੇ ਭਖਵੀਂ ਬਹਿਸ ਦੌਰਾਨ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦੇ ਦੋਸ਼ ਲਾਏ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਘੱਟੋ-ਘੱਟ ਇੱਕ ਮਹੀਨੇ ਲਈ ਇਸ਼ਤਿਹਾਰੀ ਬੋਰਡ ਦਿੱਤਾ ਜਾਵੇ। ਜੇਕਰ ਇੱਕ ਦਿਨ ਵੀ ਵਧਦਾ ਹੈ ਤਾਂ ਪੂਰੇ ਮਹੀਨੇ ਦਾ ਖ਼ਰਚਾ ਵਸੂਲਿਆ ਜਾਵੇ ਅਤੇ ਟੈਂਡਰ ਲੱਗਣ ਤੱਕ ਨਵੇਂ ਰੇਟਾਂ ਦੇ ਹਿਸਾਬ ਨਾਲ ਪੈਸੇ ਲਏ ਜਾਣ। ਵੱਖ-ਵੱਖ ਪਿੰਡਾਂ ਦੇ ਕੌਂਸਲਰਾਂ ਹਰਜੀਤ ਸਿੰਘ ਬੈਦਵਾਨ, ਹਰਜਿੰਦਰ ਕੌਰ ਸੋਹਾਣਾ, ਗੁਰਪ੍ਰੀਤ ਕੌਰ, ਸੁੱਚਾ ਸਿੰਘ ਕਲੌੜ, ਕਮਲਪ੍ਰੀਤ ਸਿੰਘ ਬੰਨੀ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਪਿੰਡਾਂ ਵਿੱਚ ਅਣਅਧਿਕਾਰਤ ਤਰੀਕੇ ਨਾਲ ਬਹੁ-ਮੰਜ਼ਲਾਂ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ ਜਦੋਂਕਿ ਆਮ ਲੋਕਾਂ ਦੇ ਨਕਸ਼ੇ ਤੱਕ ਪਾਸ ਨਹੀਂ ਹੋ ਰਹੇ ਅਤੇ ਨਿਗਮ ਅਧਿਕਾਰੀ ਪੈਸੇ ਲੈ ਕੇ ਕੰਮ ਕਰਦੇ ਹਨ। ਇਸ ’ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਭਰੋਸਾ ਦਿੱਤਾ ਕਿ ਪਿੰਡਾਂ ਦਾ ਸਰਵੇ ਕਰਨ ਲਈ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਕੌਂਸਲਰ ਜਸਮੀਤ ਕੌਰ ਗਿੱਲ, ਗੁਰਮੀਤ ਕੌਰ, ਰੁਪਿੰਦਰ ਕੌਰ ਰੀਨਾ ਅਤੇ ਹੋਰਨਾਂ ਨੇ ਕਿਹਾ ਕਿ ਕਈ ਕਈ ਦਿਨ ਸਫ਼ਾਈ ਨਹੀਂ ਹੁੰਦੀ ਅਤੇ ਨਾ ਹੀ ਕੂੜਾ ਚੁੱਕਿਆਂ ਜਾਂਦਾ ਹੈ। ਸਫ਼ਾਈ ਵਿਵਸਥਾ ਵਿੱਚ ਤੁਰੰਤ ਸੁਧਾਰ ਕਰਨ ਦੀ ਲੋੜ ਹੈ। ਇਸ ’ਤੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਹੋਣ ਨਾਲ ਸੁਧਾਰ ਕੀਤਾ ਜਾਵੇਗਾ। ਉਧਰ, ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਰੇਹੜੀਆਂ-ਫੜੀਆਂ ਦਾ ਮੁੱਦਾ ਚੁੱਕਿਆ ਗਿਆ। ਕਈ ਮੈਂਬਰਾਂ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਵੱਧ ਰਹੇ ਹਨ। ਇਸ ’ਤੇ ਕਮਿਸ਼ਨਰ ਦਾ ਕਹਿਣਾ ਸੀ ਕਿ ਕੁੱਝ ਕੌਂਸਲਰਾਂ ਵੱਲੋਂ ਹੀ ਕਾਰਵਾਈ ਰੋਕਣ ਦੀਆਂ ਸਿਫ਼ਾਰਸ਼ਾਂ ਆਉਂਦੀਆਂ ਹਨ। ਅਕਾਲੀ ਕੌਂਸਲਰ ਹਰਜਿੰਦਰ ਕੌਰ ਨੇ ਕਮਿਸ਼ਨਰ ਨੂੰ ਟੋਕਦਿਆਂ ਕਿਹਾ ਕਿ ਜਾਂ ਤਾਂ ਉਹ ਸਬੰਧਤ ਕੌਂਸਲਰਾਂ ਦੇ ਨਾਮ ਜਨਤਕ ਕਰਨ ਨਹੀਂ ਆਪਣੀ ਗੱਲ ਵਾਪਸ ਲੈਣ। ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ ਨੇ ਜਲਦੀ ਹੀ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਦੀ ਗੱਲ ਕਹੀ। ਬਹਿਸ ਦੌਰਾਨ ਮੀਟਿੰਗ ਵਿੱਚ ਪੇਸ਼ ਸਾਰੇ ਮਤੇ ਪਾਸ ਕਰ ਦਿੱਤੇ ਗਏ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਕੰਮ ਅਲਾਟ ਕਰਨ, ਫਾਇਰ ਬ੍ਰਿਗੇਡ ਅਤੇ ਦਫ਼ਤਰੀ ਸਟਾਫ਼ ਦੀ ਰੈਗੂਲਰ ਭਰਤੀ ਕਰਨ, ਪਿੰਡਾਂ ਦੀਆਂ ਸਟਰੀਟ ਲਾਈਟਾਂ ਦੇ ਰੱਖ-ਰਖਾਓ, ਇਸ਼ਤਿਹਾਰਬਾਜ਼ੀ ਸਾਈਟਾਂ ਦੇ ਟੈਂਡਰ ਜਾਰੀ ਕਰਨ ਅਤੇ ਫਾਇਰ ਸਟੇਸ਼ਨ ਦੇ ਉਪਕਰਨਾਂ ਦੀ ਖ਼ਰੀਦ ਸਮੇਤ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਫਾਇਰ ਬ੍ਰਿਗੇਡ ਲਈ 25 ਲੱਖ ਦੇ ਉਪਕਰਨਾਂ ਦੀ ਖ਼ਰੀਦ ਕਰਨ, ਕਮਿਊਨਿਟੀ ਸੈਂਟਰਾਂ ਵਿੱਚ ਪਾਣੀ ਦੇ ਮੀਟਰ ਲਗਾਉਣ, ਸਿਲਵੀ ਪਾਰਕ ਦੀ ਕੰਟੀਨ ਦੇ ਠੇਕਾ ਇੱਕ ਸਾਲ ਲਈ ਵਧਾਉਣ, ਬਿਲਡਿੰਗ ਦੀ ਉਸਾਰੀ ਲਈ ਪਾਣੀ ਦੇ ਨਵੇਂ ਕੁਨੈਕਸ਼ਨ ਦੇ ਰੇਟ ਨਿਰਧਾਰਿਤ ਕਰਨ ਦਾ ਮਤਾ ਪਾਸ ਕੀਤਾ ਗਿਆ। ਨਗਰ ਨਿਗਮ ਵਿੱਚ ਖਾਲੀ ਅਸਾਮੀਆਂ ਅਤੇ ਫਾਇਰ ਬ੍ਰਿਗੇਡ ਵਿੱਚ ਲੀਡਿੰਗ ਫਾਇਰਮੈਨਾਂ, ਫਾਇਰਮੈਨਾਂ, ਡਰਾਈਵਰਾਂ ਅਤੇ ਦਫ਼ਤਰ ਸਟਾਫ਼ ਦੀ ਭਰਤੀ ਕਰਨ ਦਾ ਮਤਾ ਪਾਸ ਕੀਤਾ ਗਿਆ। ਕੌਂਸਲਰ ਵਿਨੀਤ ਮਲਿਕ ਨੇ ਵੱਖ-ਵੱਖ ਸੈਕਟਰਾਂ ਦੀਆਂ ਸੁਸਾਇਟੀਆਂ ਦੇ ਪਾਸ ਕੀਤੇ ਕੰਮਾਂ ਨੂੰ ਸਰਕਾਰ ਵੱਲੋਂ ਮਨਜੂਰੀ ਨਾ ਦੇਣ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਇਨ੍ਹਾਂ ਕੰਮਾਂ ਨੂੰ ਦੁਬਾਰਾ ਰੀਵੀਓ ਲਈ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਸੁਸਾਇਟੀਆਂ ਦੇ ਸਾਰੇ ਕੰਮ ਹੋ ਰਹੇ ਸਨ ਪ੍ਰੰਤੂ ਆਪ ਸਰਕਾਰ ਦੇ ਆਉਣ ਤੋਂ ਬਾਅਦ ਇਨ੍ਹਾਂ ਮਤਿਆਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ। ਜਦੋਂ ਸੁਸਾਇਟੀਆਂ ਦੇ ਵਸਨੀਕ ਪੂਰਾ ਟੈਕਸ ਦਿੰਦੇ ਹਨ ਤਾਂ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਸਰਕਾਰ ਨੇ ਸੁਸਾਇਟੀਆਂ ਦੇ ਕੰਮਾਂ ਨੂੰ ਰੱਦ ਕੀਤਾ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਸਮੇਤ ਠੇਕਾਪ੍ਰਣਾਲੀ ਤਹਿਤ ਕੰਮ ਕਰਦੇ ਸਾਰੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖ਼ਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਟੇਬਲ ਏਜੰਡੇ ਰਾਹੀਂ ਪੇਸ਼ ਕੀਤੀ ਇਸ ਆਈਟਮ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਪਿਛਲੇ ਦੋ ਦਿਨ ਤੋਂ ਚੱਲ ਹੜਤਾਲ ਖ਼ਤਮ ਕਰ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ