ਪੰਜਾਬ ਵਿੱਚ ਸਿਰਫ਼ 67 ਫੀਸਦੀ ਬੱਚਿਆਂ ਨੂੰ ਮਿਲਦਾ ਛੇ ਮਹੀਨਿਆਂ ਤੱਕ ‘ਮਾਂ ਦਾ ਦੁੱਧ’

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਮੈਡੀਕਲ ਕਾਲਜ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਇਆ

ਨਬਜ਼-ਏ-ਪੰਜਾਬ, ਮੁਹਾਲੀ, 5 ਮਈ:
ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਮਾਂ ਦੇ ਦੁੱਧ ਸਬੰਧੀ ਦੋ-ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਡੇਰਾਬੱਸੀ ਅਤੇ ਬੂਥਗੜ੍ਹ ਦੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਮੰਤਵ ਸਤਨਪਾਨ ਦੌਰਾਨ ਵੱਖ-ਵੱਖ ਸਮੱਸਿਆਵਾਂ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਸੀਐਚਓਜ਼ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਸੀ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਏਮਜ਼ ਮੁਹਾਲੀ ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ। ਜਿਸ ਦਾ ਮੰਤਵ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਿਸ਼ੇਸ਼ ਮਦਦ ਪ੍ਰਦਾਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚੇ ਲਈ ਮਾਂ ਦਾ ਦੁੱਧ ਬੇਹੱਦ ਅਹਿਮ ਹੈ। ਪੰਜਾਬ ਵਿੱਚ ਮਾਂ ਦਾ ਦੁੱਧ ਪਿਲਾਉਣ ਦੀ ਦਰ ਹਾਲੇ ਵੀ ਕਾਫ਼ੀ ਘੱਟ ਹੈ। ਉਨ੍ਹਾਂ ਕੇਂਦਰੀ ਸਿਹਤ ਮੰਤਰਾਲੇ ਦੇ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਿਰਫ਼ 51 ਫੀਸਦੀ ਬੱਚਿਆਂ ਨੂੰ ਜਨਮ ਦੇ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਮਿਲਦਾ ਹੈ ਜਦੋਂਕਿ ਸਿਰਫ਼ 67 ਫ਼ੀਸਦੀ ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਛੇ ਮਹੀਨਿਆਂ ਤੱਕ ਹੀ ਮਾਂ ਦਾ ਦੁੱਧ ਮਿਲਦਾ ਹੈ।
ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਕਈ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਨਾਲ ਨਵਜੰਮੇ ਬੱਚਿਆਂ ਦੀਆਂ ਮੌਤ ਦਰ ਨੂੰ 20 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਪ੍ਰਾਜੈਕਟ ਦੇ ਮੁੱਖ ਨਿਰੀਖਕ ਡਾ. ਅਨੁਰਾਧਾ ਨੱਡਾ ਨੇ ਮਾਵਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਂ ਆਪਣੇ ਬੱਚੇ ਦੇ ਜਨਮ ਦੇ ਪਹਿਲੇ ਦੋ ਤਿੰਨ ਦਿਨਾਂ ਦੌਰਾਨ ਆਪਣਾ ਪਹਿਲਾ ਗਾੜ੍ਹਾ ਜਾਂ ਪੀਲੇ ਰੰਗ ਦਾ ਦੁੱਧ ਜ਼ਰੂਰ ਪਿਲਾਏ। ਜਨਮ ਤੋਂ ਬਾਅਦ ਬੱਚੇ ਨੂੰ ਦੁੱਧ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਜੇਕਰ ਅੌਰਤਾਂ ਬਿਮਾਰ ਹਨ ਤਾਂ ਵੀ ਆਪਣੇ ਬੱਚੇ ਨੂੰ ਬਿਨਾਂ ਕਿਸੇ ਡਰ-ਭੈਅ ਦੁੱਧ ਪਿਲਾ ਸਕਦੀਆਂ ਹਨ। ਬੱਚੇ ਨੂੰ ਕਦੇ ਵੀ ਬੋਤਲ ਨਾਲ ਦੁੱਧ ਨਾ ਪਿਲਾਓ ਕਿਉਂਕਿ ਇਹ ਨੁਕਸਾਨਦਾਇਕ ਹੋ ਸਕਦਾ ਹੈ।
ਇਸ ਮੌਕੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਅੰਮ੍ਰਿਤ ਵਿਰਕ, ਪੀਜੀਆਈ ਤੋਂ ਮੈਡੀਕਲ ਸੋਸ਼ਲ ਵਰਕਰ ਡਾ. ਸੁਮਨ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ, ਮੈਡੀਕਲ ਕਾਲਜ ਸੈਕਟਰ-32 ਤੋਂ ਡਾ. ਦੀਪਕ ਚਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…