ਤਰੱਕੀਆਂ ਦਾ ਕੋਟਾ ਵਧਣ ਨਾਲ ਜਨਰਲ ਵਰਗ ਦੇ ਸੈਂਕੜੇ ਲੈਕਚਰਾਰਾਂ ਨੂੰ ਇਨਸਾਫ਼ ਦੀ ਆਸ ਬੱਝੀ

ਜਨਰਲ ਕੈਟਾਗਰੀ ਫੈਡਰੇਸ਼ਨ ਵੱਲੋਂ ਪ੍ਰਿੰਸੀਪਲਾਂ ਲਈ ਤਰੱਕੀਆਂ ਦਾ ਕੋਟਾ 75 ਫੀਸਦੀ ਕਰਨ ਦਾ ਸਵਾਗਤ

ਨਬਜ਼-ਏ-ਪੰਜਾਬ, ਮੁਹਾਲੀ, 16 ਅਪਰੈਲ:
ਜਨਰਲ ਕੈਟਾਗੀਰਜ ਵੈੱਲਫੇਅਰ ਫੈਡਰੇਸ਼ਨ ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨਿਯੁਕਤ ਕਰਨ ਲਈ ਤਰੱਕੀਆਂ ਦਾ ਕੋਟਾ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸਰਕਾਰ ਵੱਲੋਂ ਹਾਲ ਹੀ ਵਿੱਚ ਲਏ ਇਸ ਫ਼ੈਸਲੇ ਨਾਲ ਲੈਕਚਰਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ, ਜਰਨੈਲ ਸਿੰਘ ਬਰਾੜ, ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ ਸਿੱਧੂ, ਸੁਰਿੰਦਰ ਸੈਣੀ, ਕਪਿਲ ਦੇਵ ਪਰਾਸ਼ਰ, ਸੁਦੇਸ਼ ਕਮਲ ਸ਼ਰਮਾ, ਪ੍ਰਦੀਪ ਸਿੰਘ, ਅਮਨਪ੍ਰੀਤ ਸਿੰਘ, ਦਿਲਬਾਗ ਸਿੰਘ, ਹਰਪਿੰਦਰ ਸਿੰਘ ਸਿੱਧੂ, ਗੁਰਜੀਤ ਸਿੰਘ ਅਤੇ ਕੋਮਲ ਸ਼ਰਮਾ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਬਹੁਤ ਦੇਰ ਨਾਲ ਲਿਆ ਗਿਆ ਹੈ ਪਰ ਇਸ ਦਰੁਸਤ ਫ਼ੈਸਲੇ ਦਾ ਉਹ ਪੁਰਜ਼ੋਰ ਸਵਾਗਤ ਕਰਦੇ ਹਨ।
ਫੈਡਰੇਸ਼ਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 2018 ਵਿੱਚ ਤਰੱਕੀ ਕੋਟਾ ਘਟਾਉਣ ਕਾਰਨ ਸੈਂਕੜੇ ਲੈਕਚਰਾਰ ਅਤੇ ਅਧਿਆਪਕ ਆਪਣੀਆਂ ਤਰੱਕੀਆਂ ਨੂੰ ਉਡੀਕਦੇ ਹੋਏ ਨੌਕਰੀ ਤੋਂ ਸੇਵਾਮੁਕਤ ਹੋ ਰਹੇ ਹਨ ਪ੍ਰੰਤੂ ਹੁਣ ਨੇੜ ਭਵਿੱਖ ਵਿੱਚ ਇਨਸਾਫ਼ ਦੀ ਤਰੱਕੀਆਂ ਮਿਲਣ ਦੀ ਆਸ ਬੱਝ ਗਈ ਹੈ। ਫੈਡਰੇਸ਼ਨ ਕਾਫ਼ੀ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਤਰੱਕੀ ਦਾ ਕੋਟਾ ਵਧਾ ਕੇ 75 ਫੀਸਦੀ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਜਨਰਲ ਕੈਟਾਗਰੀ ਫੈਡਰੇਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਸੀ। ਇਸ ਚਿਤਾਵਨੀ ਤੋਂ ਬਾਅਦ ਸਰਕਾਰ ਨੇ ਤਰੱਕੀ ਦਾ ਕੋਟਾ ਵਧਾ ਕੇ ਜਨਰਲ ਕੈਟਾਗਰੀ ਨੂੰ ਵੱਡੀ ਰਾਹਤ ਦਿੱਤੀ ਹੈ।
ਫੈਡਰੇਸ਼ਨ ਨੇ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਸੱਚਮੁੱਚ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ ਤਾਂ ਇਹ ਤਾਜ਼ਾ ਫ਼ੈਸਲਾ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਫਾਈਲ ਦਫ਼ਤਰੀ ਬਾਬੂ ਦੱਬ ਕੇ ਬੈਠੇ ਸਨ, ਪ੍ਰੰਤੂ ਅਮਨ ਅਰੋੜਾ ਅਤੇ ਹਰਜੋਤ ਬੈਸ ਨੇ ਨਿੱਜੀ ਦਿਲਚਸਪੀ ਲੈ ਕੇ ਇਹ ਫਾਈਲ ਕਲੀਅਰ ਕਰਵਾਈ ਹੈ।
ਉਧਰ, ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਚੀਫ਼ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ, ਦੁਆਬਾ ਜਨਰਲ ਕੈਟਾਗਰੀ ਫ਼ਰੰਟ ਦੇ ਪ੍ਰਧਾਨ ਬਲਬੀਰ ਸਿੰਘ ਫੁਗਲਾਨਾ ਨੇ ਵੀ ‘ਆਪ’ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਬੁਲਾਰਿਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਦਫ਼ਤਰੀ ਰੁਕਾਵਟਾਂ ਦੂਰ ਕਰਕੇ ਯੋਗ ਲੈਕਚਰਾਰਾਂ ਨੂੰ ਪ੍ਰਿੰਸੀਪਲ ਵਜੋਂ ਤਰੱਕੀ ਦਿੱਤੀ ਜਾਵੇ ਤਾਂ ਜੋ ਸਿੱਖਿਆ ਕ੍ਰਾਂਤੀ ਦਾ ਮਿਸ਼ਨ ਸਹੀ ਅਰਥਾ ਵਿੱਚ ਪੂਰਾ ਹੋ ਸਕੇ।
ਫੈਡਰੇਸ਼ਨ ਦੇ ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆਂ ਨੂੰ ਉਨ੍ਹਾਂ ਦੇ ਉਸ ਬਿਆਨ ਦਾ ਚੇਤਾ ਕਰਵਾਉਂਦਿਆਂ ਕਿਹਾ ਕਿ ਹੁਣ ਕੰਮ ਰਾਕੇਸ਼ ਦੀ ਸਪੀਡ ਨਾਲ ਹੋਣਗੇ। ਲਿਹਾਜ਼ਾ ਹੁਣ ਸਿਸੋਦੀਆਂ ਨੂੰ ਇਹ ਗੱਲ ਸੱਚ ਕਰਕੇ ਦਿਖਾਉਣੀ ਚਾਹੀਦੀ ਹੈ। ਫੈਡਰੇਸ਼ਨ ਨੇ ਸਰਕਾਰ ਨੂੰ ਇਸ ਸਬੰਧੀ ਫੌਰੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਤਾਇਨਾਤੀ ਕਰਕੇ ਖਾਲੀ ਅਸਾਮੀਆਂ ਨੂੰ ਭਰਿਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…