Share on Facebook Share on Twitter Share on Google+ Share on Pinterest Share on Linkedin ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਛੇਤੀ ਹੱਲ ਕੀਤਾ ਜਾਵੇਗਾ: ਡੀਸੀ ਨੇ ਦਿੱਤਾ ਭਰੋਸਾ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਡਾ. ਅੰਬੇਡਕਰ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਬਜ਼-ਏ-ਪੰਜਾਬ, ਮੁਹਾਲੀ, 14 ਜੂਨ: ਇੱਥੋਂ ਦੇ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਮੁਹਾਲੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਆਰਜ਼ੀ ਹੋਸਟਲ ਦੀ ਸਮੱਸਿਆ ਜਲਦੀ ਹੱਲ ਕੀਤੀ ਜਾਵੇਗੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇਹ ਭਰੋਸਾ ਮੈਡੀਕਲ ਕਾਲਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਦਿੱਤਾ। ਡਾਇਰੈਕਟਰ-ਪ੍ਰਿੰਸੀਪਲ ਸ੍ਰੀਮਤੀ ਭਵਨੀਤ ਭਾਰਤੀ ਨੂੰ ਐੱਮਬੀਬੀਐੱਸ ਦੇ ਵਿਦਿਆਰਥੀਆਂ ਲਈ ਹੋਸਟਲ ਵਜੋਂ ਪੂਰਬ ਅਪਾਰਟਮੈਂਟਸ ਦੀ ਕਿਰਾਏ ’ਤੇ ਵਰਤੋਂ ਸਬੰਧੀ ਰਿਹਾਇਸ਼ ਦੀ ਉਪਲਬਧਤਾ ਦੀ ਲੰਬਿਤ ਮਨਜ਼ੂਰੀ ਦਾ ਭਰੋਸਾ ਦਿੰਦਿਆਂ ਡੀਸੀ ਨੇ ਕਿਹਾ ਕਿ ਇਸ ਸਬੰਧੀ ਫਾਈਲ ਆਮ ਪ੍ਰਸ਼ਾਸਨ ਵਿਭਾਗ ਕੋਲ ਪੈਂਡਿੰਗ ਹੈ। ਇਸ ਦੇ ਜਲਦੀ ਨਿਬੇੜੇ ਲਈ ਯੋਗ ਪੈਰਵੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਡਾਇਰੈਕਟਰ-ਪ੍ਰਿੰਸੀਪਲ ਨੇ ਡੀਸੀ ਆਸ਼ਿਕਾ ਜੈਨ ਨੂੰ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੀਟਿੰਗ ਵਿੱਚ ਮੈਡੀਕਲ ਕਾਲਜ ਮੁਹਾਲੀ ਨੂੰ ਕਿਰਾਏ ’ਤੇ 28 ਫਲੈਟ ਦੇਣ ਦਾ ਫ਼ੈਸਲਾ ਲਿਆ ਗਿਆ ਸੀ। ਪਿੰਡ ਬਹਿਲੋਲਪੁਰ ਅਤੇ ਜੁਝਾਰ ਨਗਰ ਵਿੱਚ ਮੈਡੀਕਲ ਕਾਲਜ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਠੇਕੇਦਾਰ ਨੂੰ ਬਕਾਇਆ ਅਦਾਇਗੀਆਂ ਯਕੀਨੀ ਬਣਾਉਣ ਲਈ ਇਨ੍ਹਾਂ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡੀਸੀ ਆਸ਼ਿਕਾ ਜੈਨ ਨੇ ਨਾਜਾਇਜ਼ ਕਬਜ਼ਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪਹਿਲ ਦੇ ਆਧਾਰ ’ਤੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਡਾਇਰੈਕਟਰ-ਪ੍ਰਿੰਸੀਪਲ ਨੇ ਡੀਸੀ ਨੂੰ ਐੱਮਬੀਬੀਐੱਸ ਲਈ ਵਿਦਿਆਰਥੀਆਂ ਦੇ ਹੁਣ ਤੱਕ ਆ ਚੁੱਕੇ ਤਿੰਨ ਬੈਚਾਂ ਅਤੇ ਚੌਥੇ ਬੈਚ ਨੂੰ ਅਗਲੀ ਕੇਂਦਰੀ ਕੌਂਸਲਿੰਗ ਤੋਂ ਬਾਅਦ ਦਾਖ਼ਲ ਕਰਨ ਬਾਰੇ ਜਾਣੂ ਕਰਵਾਇਆ। ਡੀਸੀ ਨੇ ਮੈਡੀਕਲ ਕਾਲਜ ਦੀ ਰੋਜ਼ਾਨਾ ਦੀ ਕਾਰਵਾਈ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਸੁਚੱਜੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਕਾਲਜ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਮੈਡੀਕਲ ਸੁਪਰਡੈਂਟ ਡਾ. ਨਵਦੀਪ ਸੈਣੀ, ਐਸਡੀਐਮ ਦੀਪਾਂਕਰ ਗਰਗ ਅਤੇ ਡੀਆਰਓ ਹਰਮਿੰਦਰ ਸਿੰਘ ਹੁੰਦਲ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ