ਗੈੱਸਟ ਫੈਕਲਟੀ ਪ੍ਰੋਫੈਸਰਾਂ ਨਾਲ ਪੈਨਲ ਮੀਟਿੰਗ ਤੋਂ ਭੱਜੇ ਉਚੇਰੀ ਸਿੱਖਿਆ ਮੰਤਰੀ ਤੇ ਅਧਿਕਾਰੀ

ਨੌਕਰੀ ਖੁੱਸਣ ਦੇ ਡਰੋਂ ਪ੍ਰੇਸ਼ਾਨ ਪ੍ਰੋ. ਸਿਮਰਨਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈੱਸਟ ਫੈਕਲਟੀ ਪ੍ਰੋਫੈਸਰ ਅੱਜ ਪੂਰਾ ਦਿਨ ਪੈਨਲ ਮੀਟਿੰਗ ਲਈ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉੱਚ ਅਧਿਕਾਰੀਆਂ ਨੂੰ ਉਡੀਕਦੇ ਰਹੇ ਪ੍ਰੰਤੂ ਸ਼ਾਮ ਨੂੰ ਗੈੱਸਟ ਫੈਕਲਟੀ ਪ੍ਰੋਫੈਸਰਾਂ ਨੂੰ ਨਿਰਾਸ ਹੋ ਕੇ ਵਾਪਸ ਖਾਲੀ ਹੱਥ ਘਰਾਂ ਨੂੰ ਪਰਤਣਾ ਪਿਆ। ਜਿਸ ਕਾਰਨ ਉਨ੍ਹਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਗੈੱਸਟ ਫੈਕਲਟੀ ਸੰਯੁਕਤ ਫਰੰਟ ਦੇ ਆਗੂ ਡਾ. ਰਵਿੰਦਰ ਸਿੰਘ, ਪ੍ਰੋ. ਗੁਰਸੇਵ ਸਿੰਘ, ਪ੍ਰੋ. ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ, ਪ੍ਰੋ. ਮੁਹੰਮਦ ਤਨਵੀਰ ਨੇ ਦੱਸਿਆ ਕਿ ਸੰਗਰੂਰ ਚੱਕਾ ਜਾਮ ਕਰਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 7 ਮਾਰਚ ਨੂੰ ਕੈਬਨਿਟ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ ਸੀ ਪ੍ਰੰਤੂ ਅੱਜ ਜਿਵੇਂ ਹੀ ਉਹ ਮੀਟਿੰਗ ਲਈ ਪਹੁੰਚੇ ਤਾਂ ਉੱਥੇ ਨਾ ਮੰਤਰੀ ਅਤੇ ਨਾ ਹੀ ਕੋਈ ਅਧਿਕਾਰੀ ਆਇਆ। ਇਹ ਸੂਚਨਾ ਮਿਲਣ ’ਤੇ ਮੁਹਾਲੀ ਡੀਪੀਆਈ ਦਫ਼ਤਰ ਪਹੁੰਚੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਦੱਸਿਆ ਕਿ ਪਹਿਲਾਂ ਉਹ ਪੰਜਾਬ ਭਵਨ ਪਹੁੰਚੇ, ਫਿਰ ਉੱਥੋਂ ਪੰਜਾਬ ਸਿਵਲ ਸਕੱਤਰੇਤ ਗਏ। ਇਸ ਮਗਰੋਂ ਉਹ ਮੰਤਰੀ ਅਤੇ ਅਧਿਕਾਰੀਆਂ ਨੂੰ ਲੱਭਦੇ ਹੋਏ ਹਰਜੋਤ ਬੈਂਸ ਦੀ ਸਰਕਾਰੀ ਕੋਠੀ ਵਿੱਚ ਪਹੁੰਚੇ। ਜਿੱਥੇ ਸਟਾਫ਼ ਵੱਲੋਂ ਕਿਹਾ ਗਿਆ ਕਿ ਮੰਤਰੀ ਸਾਢੇ 4 ਵਜੇ ਆਉਣਗੇ, ਲੇਕਿਨ ਮੰਤਰੀ ਨਹੀਂ ਬਹੁੜਿਆ। ਇਸ ਮਗਰੋਂ ਉਹ ਸਿੱਖਿਆ ਭਵਨ ਮੁਹਾਲੀ ਪਹੁੰਚੇ ਪ੍ਰੰਤੂ ਉੱਥੇ ਵੀ ਡੀਪੀਆਈ (ਕਾਲਜ) ਨਹੀਂ ਮਿਲੇ। ਡਿਪਟੀ ਡਾਇਰੈਕਟਰ ਜੇਪੀ ਸਿੰਘ ਅਤੇ ਹਰਜਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਉਨ੍ਹਾਂ ਦੀ ਡੀਪੀਆਈ ਨਾਲ ਗੱਲ ਕਰਵਾਈ। ਜਿਨ੍ਹਾਂ ਨੇ ਹਫ਼ਤੇ ਦੀ ਮੋਹਲਤ ਮੰਗਦਿਆਂ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਦੇਰ ਸ਼ਾਮ ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ।
ਉਧਰ, ਆਪਣੀ ਨੌਕਰੀ ਸੁੱਖਣ ਦੇ ਡਰੋਂ ਮਾਨਸਿਕ ਤਣਾਅ ’ਚੋਂ ਗੁਜ਼ਰ ਰਹੀ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਦੇ ਗੈੱਸਟ ਫੈਕਲਟੀ ਪ੍ਰੋਫੈਸਰ ਸਿਮਰਨਜੀਤ ਕੌਰ ਦੀ ਬੀਤੇ ਦਿਨੀਂ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ। ਮਹਿਲਾ ਦੀ ਮੌਤ ਕਾਰਨ ਸਰਕਾਰੀ ਕਾਲਜਾਂ ਵਿੱਚ ਸੋਗ ਦੀ ਲਹਿਰ ਹੈ। ਉਹ ਆਪਣੇ ਪਿੱਛੇ ਪਤੀ ਅਤੇ ਦੋ ਬੱਚੇ ਛੱਡ ਗਈ। ਆਗੂਆਂ ਨੇ ਮਹਿਲਾ ਪ੍ਰੋਫੈਸਰ ਦੀ ਬੇਵਕਤੀ ਮੌਤ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਫੌਰੀ ਵਿੱਤੀ ਸਹਾਇਤਾ ਦਿੱਤੀ ਜਾਵੇ। ਪ੍ਰੋ. ਸਿਮਰਨਜੀਤ ਕੌਰ ਪਿਛਲੇ 10 ਸਾਲਾਂ ਤੋਂ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਵਿਖੇ ਪੰਜਾਬੀ ਵਿਸ਼ੇ ਦੀ ਸੇਵਾਵਾਂ ਨਿਭਾ ਰਹੇ ਸਨ।
ਆਗੂਆਂ ਨੇ ਦੱਸਿਆ ਕਿ ਪ੍ਰੋ. ਸਿਮਰਨਜੀਤ ਕੌਰ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਨੌਕਰੀ ਖੱੁਸ ਜਾਣ ਦੇ ਡਰੋਂ ਮਾਨਸਿਕ ਤਣਾਅ ਵਿੱਚ ਸਨ ਕਿਉਂਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਹਾਇਕ ਪ੍ਰੋਫੈਸਰਾਂ ਦੀਆਂ ਨਵੀਂ ਨਿਯੁਕਤੀਆਂ ਦੌਰਾਨ ਕਾਲਜਾਂ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਗੈੱਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਖਾਲੀ ਦਰਸਾਇਆ ਗਿਆ ਹੈ। ਜਿਸ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਜੋ ਬੇਸਿੱਟਾ ਰਹੀਆਂ। ਉਨ੍ਹਾਂ ਕਿਹਾ ਕਿ ਮੰਤਰੀ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਲਈ ਨੀਤੀ ਬਣਾਉਣ ਦਾ ਲਾਰਾ ਲਗਾ ਕੇ ਡੰਗ ਟਪਾਉਂਦੇ ਆ ਰਹੇ ਹਨ। ਇਹੀ ਨਹੀਂ ਜ਼ਿਆਦਾਤਰ ਗੈੱਸਟ ਪ੍ਰੋਫੈਸਰਾਂ ਨੂੰ ਤਨਖ਼ਾਹਾਂ ਵੀ ਨਹੀਂ ਮਿਲੀਆਂ ਹਨ ਅਤੇ ਹੁਣ ਉਨ੍ਹਾਂ ਤੋਂ ਪਹਿਲਾਂ ਵਾਲਾ ਵਰਕਲੋਡ ਵੀ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਪੱਕੇ ਹੋਣ ਦੀ ਉਡੀਕ ਵਿੱਚ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋਈ ਸਿਮਰਨਜੀਤ ਕੌਰ ਦੀ ਮੌਤ ਲਈ ਪੰਜਾਬ ਸਰਕਾਰ, ਉਚੇਰੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਜ਼ਿੰਮੇਵਾਰ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…