nabaz-e-punjab.com

ਸਿਹਤ ਵਿਭਾਗ ਵੱਲੋਂ ਲੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਧੁੱਪ ਵਿੱਚ ਨਾ ਨਿਕਲਣ, ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਜ਼ਰੂਰੀ

ਨਬਜ਼-ਏ-ਪੰਜਾਬ, ਮੁਹਾਲੀ, 10 ਜੂਨ:
ਗਰਮ ਹਵਾਵਾਂ ਅਤੇ ਤੇਜ਼ ਲੂ ਚੱਲਣ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ ਨੇ ਆਮ ਨਾਗਰਿਕਾਂ ਨੂੰ ਲੂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਗਰਮੀ ਅਤੇ ਲੂ ਦੇ ਮੌਸਮ ਵਿੱਚ ਸੰਭਾਵੀ ਸਿਹਤ ਖ਼ਤਰਿਆਂ ਨਾਲ ਨਜਿੱਠਣ ਲਈ ਅਗਾਊਂ ਢੁਕਵੇਂ ਪ੍ਰਬੰਧ ਕੀਤੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੂ ਚੱਲ ਰਹੀ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ ਸਾਰਿਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ, ਜਿਨ੍ਹਾਂ ਵਿੱਚ ਸਾਦਾ ਪਾਣੀ, ਲੱਸੀ, ਨਿੰਬੂ ਪਾਣੀ, ਜੂਸ, ਨਾਰੀਅਲ ਦਾ ਪਾਣੀ, ਓਆਰਐਸ ਦਾ ਘੋਲ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਂ ਸਿਖਰ ਦੁਪਹਿਰੇ ਬਾਹਰ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਸੂਰਜੀ ਤਪਸ਼ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।
ਡਾ. ਸੰਗੀਤਾ ਜੈਨ ਨੇ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ ਨਵਜੰਮੇ ਬੱਚਿਆਂ, ਗਰਭਵਤੀ ਅੌਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰੇ ਲੋਕਾਂ, ਸੜਕਾਂ-ਫੁੱਟਪਾਥ ਉੱਤੇ ਰਹਿਣ ਵਾਲੇ ਲੋਕਾਂ, ਮਾਨਸਿਕ ਜਾਂ ਸਰੀਰਕ ਬਿਮਾਰੀਆਂ ਤੋਂ ਪੀੜਤ ਲੋਕਾਂ ਖ਼ਾਸਕਰ ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ, ਮੋਟਾਪੇ ਤੋਂ ਪੀੜਤ ਲੋਕਾਂ, ਖੱੁਲ੍ਹੇ ਵਿੱਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀਆਂ ਆਦਿ ’ਤੇ ਜ਼ਿਆਦਾ ਹੋ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜੇ ਗਰਮੀ ਕਾਰਨ ਕੋਈ ਸਿਹਤ ਸਮੱਸਿਆ ਹੁੰਦੀ ਹੈ ਤਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।
ਆਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕੱਪੜੇ ਪਾਉ। ਬਾਹਰ ਜਾਣ ’ਤੇ ਐਨਕ ਲਗਾਓ ਅਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਜ਼ਰੂਰ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਜਗ੍ਹਾ। ਨੰਗੇ ਪੈਰ ਬਾਹਰ ਨਾ ਜਾਓ, ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਧੁੱਪ ਵਿੱਚ ਜਾਣ ਵੇਲੇ ਪਾਣੀ ਨਾਲ ਲੈ ਕੇ ਤੁਰੋ। ਤਲੇ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ। ਗਰਮੀ ਦੇ ਸਿਖਰ ਦੇ ਸਮੇਂ ਖਾਣਾ ਬਣਾਉਣ ਤੋਂ ਬਚੋ। ਰਸੋਈ ਦੇ ਖੇਤਰ ਨੂੰ ਹਵਾਦਾਰ ਰੱਖੋ। ਬੱਚਿਆਂ ਤੇ ਜਾਨਵਰਾਂ ਨੂੰ ਵਾਹਨ ਵਿੱਚ ਨਾ ਛੱਡੋ। ਤਿੱਖੀ ਧੁੱਪ ਵਿੱਚ ਨਾ ਜਾਓ। ਸ਼ਰਾਬ, ਚਾਹ, ਕੌਫ਼ੀ ਤੋਂ ਪ੍ਰਹੇਜ਼ ਕਰੋ। ਜਿੰਨਾ ਹੋ ਸਕੇ ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…