ਦੇਸ਼ ਵਿੱਚ ਅਮਨ-ਸ਼ਾਂਤੀ ਤੇ ਪਹਿਲਗਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ‘ਹਵਨ ਯੱਗ’

ਨਬਜ਼-ਏ-ਪੰਜਾਬ, ਮੁਹਾਲੀ, 17 ਮਈ:
ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਪਹਿਲਗਾਮ ਵਿੱਚ ਸ਼ਹੀਦ ਹੋਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇੱਥੋਂ ਫੇਜ਼-2 ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਇੱਕ ‘ਹਵਨ ਯੱਗ’ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸ੍ਰੀਮਤੀ ਆਭਾ ਬਾਂਸਲ ਦੀ ਮੌਜੂਦਗੀ ਵਿੱਚ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਪੁਜਾਰੀਆਂ ਨੇ ਪੂਜਾ ਕੀਤੀ ਅਤੇ ਸ਼ਹਿਰ ਦੀਆਂ ਸਮੂਹ ਮੰਦਰ ਕਮੇਟੀਆਂ, ਸਮਾਜਿਕ ਸੰਸਥਾਵਾਂ ਸਮੇਤ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਹਵਨ ਯੱਗ ਤੋਂ ਬਾਅਦ ਸ੍ਰੀਮਤੀ ਆਭਾ ਬਾਂਸਲ ਅਤੇ ਹੋਰਨਾਂ ਮਹਿਮਾਨਾਂ ਅਤੇ ਮੰਦਰ ਕਮੇਟੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਮਾਸੂਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਅਤੇ ਅੱਤਵਾਦ ਵਿਰੁੱਧ ਇੱਕਜੱੁਟਤਾ ਦਿਖਾਉਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਵੀ ਕੀਤਾ। ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਭਾਰਤੀ ਫੌਜ ਵੱਲੋਂ ਦਿਖਾਈ ਗਈ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਦਿਆਂ ਸ੍ਰੀਮਤੀ ਆਭਾ ਬਾਂਸਲ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਲਈ ਮੁਹਾਲੀ ਵਾਸੀਆਂ ਲਈ ਇੱਕ ‘ਹਵਨ ਯੱਗ’ ਕਰਵਾਇਆ ਗਿਆ ਹੈ। ਅਖੀਰ ਵਿੱਚ ਮੰਦਰ ਕਮੇਟੀ ਫੇਜ਼-2 ਦੇ ਮੁਖੀ ਅਤੁਲ ਸ਼ਰਮਾ ਤੇ ਸਾਥੀਆਂ ਨੇ ਸਮਾਜ ਸੇਵੀ ਆਭਾ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਅਸ਼ੋਕ ਝਾਅ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ.ਕੇ. ਵੈਦ, ਭਾਈ ਘਨੱਈਆ ਜੀ ਸੁਸਾਇਟੀ ਦੇ ਚੇਅਰਮੈਨ ਕੇ.ਕੇ. ਸੈਣੀ, ਗਊ ਗਰਾਸ ਸੇਵਾ ਸਮਿਤੀ ਦੇ ਆਗੂ ਵਿਜੈ ਮਹਾਜਨ, ਮਨਮੋਹਨ ਦਾਦਾ, ਕੇਂਦਰੀ ਮੰਦਰ ਪੁਜਾਰੀ ਕੌਂਸਲ ਦੇ ਮੁਖੀ ਪੰਡਿਤ ਜਗਦੰਬਾ ਪ੍ਰਸਾਦ, ਸੁਭਾਸ਼ ਚੋਪੜਾ, ਸੁਨੀਲ ਬਾਂਸਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…