ਭਗਤ ਆਸਾ ਰਾਮ ਯਾਦਗਾਰੀ ਆਡੀਟੋਰੀਅਮ ਦੀ ਤੁਰੰਤ ਉਸਾਰੀ ਸ਼ੁਰੂ ਕਰਵਾਏ ਸਰਕਾਰ: ਬੇਦੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 26 ਫਰਵਰੀ:
ਇੱਥੋਂ ਦੇ ਸੈਕਟਰ-78 ਵਿੱਚ ਬਣਨ ਵਾਲੇ ਭਗਤ ਆਸਾ ਰਾਮ ਯਾਦਗਾਰੀ ਆਡੀਟੋਰੀਅਮ ਦੀ ਉਸਾਰੀ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪ੍ਰੰਤੂ ਹੁਣ ਤੱਕ ਉਸਾਰੀ ਕਾਰਜਾਂ ’ਤੇ ਇੱਕ ਇੱਟ ਤੱਕ ਨਹੀਂ ਲੱਗੀ। ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਡੀਟੋਰੀਅਮ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਆਗਾਮੀ ਬਜਟ ਸੈਸ਼ਨ ਵਿੱਚ ਆਡੀਟੋਰੀਅਮ ਦੀ ਉਸਾਰੀ ਲਈ ਫ਼ਡ ਰਾਖਵੇਂ ਰੱਖੇ ਜਾਣ ਦਾ ਪ੍ਰਸਤਾਵ ਲਿਆਂਦਾ ਜਾਵੇ।
ਕੁਲਜੀਤ ਬੇਦੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਮੁਹਾਲੀ ਵਿੱਚ ਭਗਤ ਆਸਾ ਰਾਮ ਦੀ ਯਾਦ ਵਿੱਚ ਆਡੀਟੋਰੀਅਮ ਬਣਾਉਣ ਲਈ ਗਮਾਡਾ ਤੋਂ ਲੋੜੀਂਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ ਪਰ ਸੱਤਾ ਪਰਿਵਰਤਨ ਤੋਂ ਬਾਅਦ ‘ਆਪ’ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਆਰੰਭੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਟੈਗੋਰ ਥੀਏਟਰ ਵਿੱਚ ਸਭਿਆਚਾਰਕ ਅਤੇ ਰੰਗ-ਮੰਚ ਦੀਆਂ ਗਤੀਵਿਧੀਆਂ ਹੁੰਦੀਆਂ ਹਨ ਪਰ ਮੁਹਾਲੀ ਵਿੱਚ ਅਜਿਹਾ ਕੋਈ ਆਡੀਟੋਰੀਅਮ ਨਹੀਂ ਹੈ। ਪਿਛਲੇ ਕਾਫ਼ੀ ਅਰਸੇ ਤੋਂ ਰੰਗਕਰਮੀ ਸ਼ਹਿਰ ਵਿੱਚ ਆਡੀਟੋਰੀਅਮ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਰੰਗਕਰਮੀਆਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਸੈਕਟਰ-78 ਵਿੱਚ ਭਗਤ ਆਸਾ ਰਾਮ ਦੇ ਨਾਂ ’ਤੇ ਆਡੀਟੋਰੀਅਮ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ ਅਤੇ ਇਸ ਸਬੰਧੀ ਬਕਾਇਦਾ ਗਮਾਡਾ ਵੱਲੋਂ ਜ਼ਮੀਨ ਵੀ ਅਲਾਟ ਕੀਤੀ ਗਈ ਸੀ।
ਡਿਪਟੀ ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਗਮਾਡਾ ਦੇ ਵੀ ਚੇਅਰਮੈਨ ਹਨ ਅਤੇ ਖ਼ੁਦ ਪੰਜਾਬੀ ਸਭਿਆਚਾਰ ਨਾਲ ਬੇਹੱਦ ਕਰੀਬੀ ਢੰਗ ਨਾਲ ਜੁੜੇ ਰਹੇ ਹਨ ਅਤੇ ਇਹ ਵੀ ਜਾਣਦੇ ਹਨ ਕਿ ਰੰਗਮੰਚ ਲਈ ਆਡੀਟੋਰੀਅਮ ਦੀ ਕਿੰਨੀ ਵੱਡੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਬਜਟ ਵਿੱਚ ਆਡੀਟੋਰੀਅਮ ਦੀ ਉਸਾਰੀ ਲਈ ਲੋੜੀਂਦੇ ਫੰਡ ਰਾਖਵੇਂ ਰੱਖਣ ਲਈ ਪ੍ਰਸਤਾਵ ਲਿਆਂਦਾ ਜਾਵੇ ਤਾਂ ਇੱਥੇ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਨੇਪਰੇ ਚੜ੍ਹ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…