Nabaz-e-punjab.com

ਗਮਾਡਾ ਵੱਲੋਂ ਮੁਹਾਲੀ ਵਿੱਚ ਵੱਖ ਵੱਖ 15 ਗੈਰ ਕਾਨੂੰਨੀ ਉਸਾਰੀਆਂ ਤਹਿਸ ਨਹਿਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਰੈਗੂਲੇਟਰੀ ਵਿੰਗ ਵੱਲੋਂ ਗੈਰ ਕਾਨੂੰਨੀ ਉਸਾਰੀਆਂ ਖ਼ਿਲਾਫ਼ ਸ਼ਿਕੰਜਾ ਕੱਸ ਕਰ ਦਿੱਤਾ ਹੈ। ਗਮਾਡਾ ਨੇ ਆਪਣੇ ਅਧਿਕਾਰ ਖੇਤਰ ਵਿੱਚ ਵੱਖ-ਵੱਖ 15 ਗੈਰ ਕਾਨੂੰਨੀ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ। ਅੱਜ ਸ਼ਾਮੀ ਇਹ ਜਾਣਕਾਰੀ ਦਿੰਦਿਆਂ ਗਮਾਡਾ ਦੇ ਮਿਲਖ ਅਫ਼ਸਰ (ਰੈਗੂਲੇਟਰੀ) ਰੋਹਿਤ ਗੁਪਤਾ ਨੇ ਦੱਸਿਆ ਕਿ ਪੈਰੀਫੇਰੀ ਕੰਟਰੋਲ ਖੇਤਰ ਵਿੱਚ ਦੀ ਪੰਜਾਬ ਨਿਊ ਕੈਪੀਟਲ ਪੈਰੀਫੇਰੀ ਕੰਟਰੋਲ ਐਕਟ 1952 ਦੀ ਉਲੰਘਣਾ ਕਰਕੇ ਅਣਅਧਿਕਾਰਤ ਉਸਾਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪਿੰਡ ਸ਼ਿੰਗਾਰੀਵਾਲ ਵਿੱਚ ਸਥਿਤ ਇੱਕ ਫਾਰਮ ਹਾਊਸ, ਪਿੰਡ ਪੜਛ ਵਿੱਚ ਇਕ ਫਾਰਮ ਹਾਊਸ, ਇਕ ਵਪਾਰਕ ਦੁਕਾਨ, 2 ਉਸਾਰੀ ਅਧੀਨ ਮਕਾਨਾਂ ਅਤੇ ਪਿੰਡ ਰਾਮਪੁਰ ਸੈਣੀਆਂ ਵਿੱਚ ਟਾਈਲ ਫੈਕਟਰੀ ਦਾ ਸ਼ੈੱਡ ਤੋੜਿਆ ਗਿਆ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਇੰਝ ਹੀ ਪਲਿੰਥ ਲੈਵਲ ਤੱਕ ਉਸਾਰੇ ਗਏ 10 ਗੈਰ ਕਾਨੂੰਨੀ ਢਾਂਚੇ ਵੀ ਤਹਿਸ ਨਹਿਸ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿੰਡ ਭਾਂਖਰਪੁਰ ਵਿੱਚ ਵਿਕਸਿਤ ਕੀਤੀ ਜਾ ਰਹੀ ਇਕ ਅਣ-ਅਧਿਕਾਰਤ ਕਲੋਨੀ ਵਿੱਚ ਬਣਾਏ ਗਏ ਰੋਡ ਕੱਟ ਢਾਹੇ ਗਏ ਅਤੇ ਇਸ ਕਲੋਨੀ ਵਿੱਚ ਤਿੰਨ ਪਲਾਟਾਂ ਦੀਆਂ ਚਾਰ ਦੀਵਾਰੀਆਂ ਨੂੰ ਵੀ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਕੀਤੀ ਗਈ ਹੈ।
ਸ੍ਰੀ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਰੱਥ ਅਧਿਕਾਰੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕਿਆਂ ਵਿੱਚ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਉਸਾਰੀਆਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…