nabaz-e-punjab.com

ਗਮਾਡਾ ਵੱਲੋਂ ਐਰੋਸਿਟੀ 2 ਦੇ ਨਿਰਮਾਣ ਲਈ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਤੇਜ਼

ਪਿਛਲੇ ਥੋੜ੍ਹੇ ਸਮੇਂ ਵਿੱਚ ਮੁਹਾਲੀ ਇਲਾਕੇ ਵਿੱਚ 30 ਤੋਂ 35 ਫੀਸਦੀ ਤੱਕ ਜ਼ਮੀਨਾਂ ਦੇ ਰੇਟ ਵਧੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਗਰੇਟਰ ਮੁਹਾਲੀ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਰੋਸਿਟੀ-2 ਦੇ ਵਿਸਥਾਰ (ਐਟ੍ਰੋਪੋਲਿਸ ਸਿਟੀ) ਲਈ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਤੇਜ ਕਰ ਦਿੱਤੀ ਹੈ। ਇਸ ਪ੍ਰਾਜੈਕਟ ਲਈ ਬਾਕੀ ਰਹਿੰਦੀ ਜ਼ਮੀਨ ਹਾਸਲ ਕਰਨ ਦਾ ਕੰਮ ਛੇਤੀ ਮੁਕੰਮਲ ਕਰਨ ਲਈ ਗਮਾਡਾ ਅਧਿਕਾਰੀ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਗਮਾਡਾ ਵੱਲੋਂ ਐਟ੍ਰੋਪੋਲਿਸ ਸਿਟੀ ਦੇ ਨਿਰਮਾਣ ਲਈ ਬਲਾਕ-ਏ ਲਈ ਨੇੜਲੇ ਪਿੰਡ ਬਾਕਰਪੁਰ, ਨਾਰਾਇਣਗੜ੍ਹ, ਸਫ਼ੀਪੁਰ, ਰੁੜਕਾ ਅਤੇ ਛੱਤ ਦੀਆਂ ਲੋੜੀਂਦੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਲਗਭਗ ਨੇਪਰੇ ਚਾੜ੍ਹ ਲਿਆ ਗਿਆ ਹੈ।
ਬਲਾਕ-ਏ ਅਧੀਨ ਆਉਂਦੀ ਜ਼ਮੀਨ ਦੀ ਰਜਿਸਟਰੀ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਬਲਾਕ-ਏ ਵਿੱਚ ਕਿਸੇ ਵਿਅਕਤੀ ਵੱਲੋਂ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੋਵੇ ਤਾਂ ਉਸ ਲਈ ਗਮਾਡਾ ਤੋਂ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਕੀਤੀ ਗਈ ਹੈ ਅਤੇ ਗਮਾਡਾ ਵੱਲੋਂ ਵੀ ਇਸ ਸਬੰਧੀ ਆਗਿਆ ਤੱਦ ਹੀ ਜਾਰੀ ਕੀਤੀ ਜਾਂਦੀ ਹੈ ਜੇਕਰ ਖਰੀਦਦਾਰ ਕੋਲ ਦੋ ਤੋਂ ਤਿੰਨ ਮਹੀਨੇ ਪੁਰਾਣਾ ਬਿਆਨਾ ਲਿਖਿਆ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਵੱਲੋਂ ਹੁਣ ਇਸ ਪ੍ਰਾਜੈਕਟ ਦੇ ਬਲਾਕ ਬੀ, ਸੀ ਅਤੇ ਡੀ ਲਈ ਹੁਣ ਨੇੜਲੇ ਪਿੰਡ ਮਟਰਾਂ, ਸਿਆਊ, ਮਨੌਲੀ, ਪੱਤੋਂ, ਚਾਊ ਮਾਜਰਾ ਅਤੇ ਸੈਣੀ ਮਾਜਰਾ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਕੰਮ ਵਿੱਚ ਤੇਜ਼ ਲਿਆਂਦੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਉਕਤ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਉੱਤੇ ਪਾਬੰਦੀ ਲਗਾ ਜਾ ਸਕਦੀ ਹੈ। ਗਮਾਡਾ ਵੱਲੋਂ ਜਲਦੀ ਹੀ ਉਕਤ ਪਿੰਡਾਂ ਦੇ ਜ਼ਮੀਨ ਮਾਲਕਾਂ ਨੂੰ ਲੈਂਡ ਪੁਲਿੰਗ ਸਕੀਮ ਦੇ ਅਧੀਨ ਲੈਟਰ ਆਫ਼ ਇੰਟੈਂਟ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਪ੍ਰਾਜੈਕਟ ਦੇ ਨਿਰਮਾਣ ਸਬੰਧੀ ਇਸ ਪੂਰੇ ਖੇਤਰ ਦੀਆਂ ਕੁਝ ਜ਼ਮੀਨਾਂ ਦੀਆਂ ਕੀਮਤਾਂ ’ਤੇ ਭਾਰੀ ਅਸਰ ਪਿਆ ਹੈ ਅਤੇ ਜ਼ਮੀਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਲਾਕੇ ਵਿੱਚ ਕੰਮ ਕਰਦੇ ਪ੍ਰਾਪਰਟੀ ਸਲਾਹਕਾਰਾਂ ਅਨੁਸਾਰ ਇਹ ਕੀਮਤਾਂ 30 ਤੋਂ 35 ਫੀਸਦੀ ਤੱਕ ਵੱਧ ਗਈਆਂ ਹਨ। ਉਨ੍ਹਾਂ ਅਨੁਸਾਰ ਪਿਛਲੇ ਕੁਝ ਸਮੇਂ ਵਿੱਚ ਬਲਾਕ ਬੀ, ਸੀ ਅਤੇ ਡੀ ਦੀ ਖਰੀਦੋਂ-ਫਰੋਖ਼ਤ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਪ੍ਰਾਪਰਟੀ ਬਾਜਾਰ ਵਿੱਚ ਬੀ, ਸੀ ਅਤੇ ਡੀ ਬਲਾਕ ਅਧੀਨ ਆਉਂਦੀ ਜ਼ਮੀਨ ਦੀ ਮੰਗ ਲਗਾਤਰ ਵੱਧ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…