ਸ਼ਹਿਰ ਵਿੱਚ ਕੂੜਾ ਪ੍ਰਬੰਧਨ ਤੇ ਸਫ਼ਾਈ ਸੰਕਟ ਗੰਭੀਰ, ਬੇਦੀ ਨੇ ਡੀਸੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 2 ਮਈ:
ਮੁਹਾਲੀ ਸ਼ਹਿਰ ਵਿੱਚ ਸਫ਼ਾਈ ਸੰਕਟ ਨੇ ਗੰਭੀਰ ਰੂਪ ਧਾਰ ਲਿਆ ਹੈ। ਪਿਛਲੇ ਇੱਕ ਸਾਲ ਤੋਂ ਡੰਪਿੰਗ ਪੁਆਇੰਟ ਬੰਦ ਹੋਣ ਤੋਂ ਬਾਅਦ ਕੂੜਾ ਪ੍ਰਬੰਧਨ ਪ੍ਰਣਾਲੀ ਬਦਤਰ ਹਾਲਤ ਵਿੱਚ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ, ‘ਸ਼ਹਿਰ ਵਿੱਚ ਸਫ਼ਾਈ ਦਾ ਤਾਣਾ ਬਾਣਾ ਬੁਰੀ ਤਰ੍ਹਾਂ ਉਲਝ ਚੁੱਕਾ ਹੈ। ਡੰਪਿੰਗ ਗਰਾਊਂਡ ਦੇ ਬੰਦ ਹੋਣ ਕਾਰਨ ਸਿਰਫ਼ ਆਰਐਮਸੀ ਪੁਆਇੰਟਾਂ ਰਾਹੀਂ ਹੀ ਸਫ਼ਾਈ ਹੋ ਰਹੀ ਹੈ ਜੋ ਨਾਕਾਫ਼ੀ ਸਾਬਤ ਹੋ ਰਹੀ ਹੈ।’’ ਉਨ੍ਹਾਂ ਕਿਹਾ ਕਿ ਨਾ ਸਿਰਫ਼ ਨਗਰ ਨਿਗਮ ਦਾ ਕੂੜਾ, ਸਗੋਂ ਗਮਾਡਾ ਅਤੇ ਪ੍ਰਾਈਵੇਟ ਬਿਲਡਰਾਂ ਦੀਆਂ ਸੁਸਾਇਟੀਆਂ ਤੋਂ ਆਉਣ ਵਾਲਾ ਕੂੜਾ ਵੀ ਮੁਹਾਲੀ ਦੇ ਢਾਂਚੇ ’ਤੇ ਵੱਧ ਦਬਾਅ ਪਾ ਰਿਹਾ ਹੈ। ਇਹੀ ਨਹੀਂ ਸ਼ਹਿਰ ਦੇ ਹਰੇਕ ਮੋੜ ’ਤੇ ਦਰਖ਼ਤਾਂ ਦੇ ਸੁੱਕੇ ਪੱਤਿਆਂ ਦੇ ਢੇਰ ਲੱਗੇ ਹੋਏ ਹਨ, ਬਰਸਾਤ ਵਿੱਚ ਸੜਨ ਨਾਲ ਬਦਬੂ ਅਤੇ ਬਿਮਾਰੀਆਂ ਪੈਦਾ ਹੋਣ ਦਾ ਖ਼ਦਸ਼ਾ ਬਣ ਗਿਆ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਪਿਛਲੇ ਦਿਨੀਂ ਮਨੌਲੀ ਪੁਆਇੰਟ ਅਤੇ ਨੇਚਰ ਪਾਰਕ ਵਿੱਚ ਪੱਤਿਆਂ ਨੂੰ ਅੱਗ ਲੱਗਣ ਕਾਰਨ ਨਾ ਸਿਰਫ਼ ਪ੍ਰਦੂਸ਼ਣ ਵਧਿਆ, ਸਗੋਂ ਨੇਚਰ ਪਾਰਕ ਦੇ ਕਾਫ਼ੀ ਦਰਖ਼ਤ ਵੀ ਸੜ ਗਏ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਖੇਤਰ ਵਿੱਚ ਨਵੇਂ ਸੈਕਟਰਾਂ ਖਾਸ ਕਰਕੇ ਬਲੌਂਗੀ ਅਤੇ ਪ੍ਰਾਈਵੇਟ ਬਿਲਡਰਾਂ ਦੀ ਸੁਸਾਇਟੀ ’ਚੋਂ ਪੈਦਾ ਹੁੰਦੇ ਕੂੜੇ ਲਈ ਨਵੇਂ ਆਰਐਮਸੀ ਪੁਆਇੰਟ ਬਣਾਏ ਜਾਣ ਤਾਂ ਜੋ ਸ਼ਹਿਰ ਵਿੱਚ ਕੂੜੇ ਦੀ ਸਾਂਭ-ਸੰਭਾਲ ਢੰਗ ਨਾਲ ਹੋ ਸਕੇ।
ਡਿਪਟੀ ਮੇਅਰ ਨੇ ਡੀਸੀ ਨੂੰ ਗੁਹਾਰ ਲਗਾਈ ਕਿ ਉਹ ਗਮਾਡਾ ਨਾਲ ਤਾਲਮੇਲ ਕਰਕੇ ਜਲਦੀ ਨਵੀਆਂ ਥਾਵਾਂ ਉਪਲਬਧ ਕਰਵਾਉਣ ਲਈ ਕਦਮ ਚੁੱਕਣ। ਉਨ੍ਹਾਂ ਕਿਹਾ, ‘‘ਇਹ ਮਾਮਲਾ ਸਿਰਫ਼ ਸਫ਼ਾਈ ਦਾ ਨਹੀਂ, ਸਗੋਂ ਸ਼ਹਿਰੀ ਸਿਹਤ ਅਤੇ ਵਾਤਾਵਰਨ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਦੇਰੀ ਨਾਲ ਸ਼ਹਿਰ ਵਾਸੀਆਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ ਅਤੇ ਬਿਮਾਰੀਆਂ ਫੈਲ ਸਕਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…