Share on Facebook Share on Twitter Share on Google+ Share on Pinterest Share on Linkedin ਗੈਂਗਸਟਰ ਲੱਕੀ ਪਟਿਆਲ ਨੇ ਕਟਾਣੀ ਪ੍ਰੀਮੀਅਮ ਢਾਬੇ ਦੇ ਮਾਲਕ ਤੋਂ ਮੰਗੀ ਸੀ 1 ਕਰੋੜ ਦੀ ਫਿਰੌਤੀ ਸੋਹਾਣਾ ਥਾਣੇ ਵਿੱਚ ਢਾਬੇ ਦੇ ਮੈਨੇਜਰ ਦੇ ਬਿਆਨਾਂ ’ਤੇ ਕੀਤਾ ਪਰਚਾ ਦਰਜ, ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਪੁਲੀਸ ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ: ਇੱਥੋਂ ਦੇ ਸੈਕਟਰ-79 ਸਥਿਤ ਕਟਾਣੀ ਪ੍ਰੀਮੀਅਮ ਢਾਬਾ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸੋਹਾਣਾ ਥਾਣੇ ਵਿੱਚ ਢਾਬੇ ਮੈਨੇਜਰ ਦੇਵ ਸਿੰਘ ਰਾਵਤ ਵਾਸੀ ਪਿੰਡ ਸੋਲੋਆ, ਗੜਵਾਲ (ਉੱਤਰਾਖੰਡ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੇਕਿਨ ਅੱਜ ਦੂਜੇ ਦਿਨ ਵੀ ਹਮਲਾਵਰਾਂ ਦੇ ਖ਼ਿਲਾਫ਼ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ। ਉਧਰ, ਮੁਹਾਲੀ ਪੁਲੀਸ ਅਤੇ ਢਾਬੇ ਦੇ ਮਾਲਕ ਦੇ ਦੱਸਣ ਅਨੁਸਾਰ ਇਸ ਘਟਨਾਕ੍ਰਮ ਨਾਲ ਗੀਤਕਾਰ ਬੰਟੀ ਬੈਂਸ (ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ) ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਹਮਲਾ ਕਟਾਣੀ ਪ੍ਰੀਮੀਅਮ ਢਾਬੇ ’ਤੇ ਸਿਰਫ਼ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਹੈ। ਕਿਉਂਕਿ ਦੋ ਤਿੰਨ ਪਹਿਲਾਂ ਹੀ ਗੈਂਗਸਟਰ ਲੱਕੀ ਪਟਿਆਲ ਨੇ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਨੂੰ ਵਸਟਅੱਪ ਨੰਬਰ ’ਤੇ ਫੋਨ ਕਰਕੇ ਇੱਕ ਕਰੋੜ ਦੀ ਫਿਰੌਤੀ ਮੰਗੀ ਸੀ ਪ੍ਰੰਤੂ ਢਾਬੇ ਦੇ ਮਾਲਕ ਨੇ ਫਿਰੌਤੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਸੀ। ਜਿਸ ਕਾਰਨ ਗੈਂਗਸਟਰ ਲੱਕੀ ਪਟਿਆਲ ਦੇ ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਂਜ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਵਾਰਦਾਤ ਤੋਂ ਪਹਿਲਾਂ ਬੰਟੀ ਬੈਂਸ ਉੱਥੇ ਆਇਆ ਜ਼ਰੂਰ ਸੀ। ਉਹ ਢਾਬਾ ਮਾਲਕ ਦਾ ਦੋਸਤ ਹੈ। ਢਾਬੇ ਦੇ ਮੈਨੇਜਰ ਦੇਵ ਸਿੰਘ ਰਾਵਤ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਹ ਕਟਾਣੀ ਪ੍ਰੀਮੀਅਮ ਢਾਬਾ ’ਤੇ ਪਿਛਲੇ ਸਾਲ ਤੋਂ ਨੌਕਰੀ ਕਰ ਰਿਹਾ ਹੈ। ਬੀਤੀ 26 ਫਰਵਰੀ ਦੀ ਰਾਤ ਪੌਣੇ ਇੱਕ ਵਜੇ ਰੋਜ਼ਾਨਾ ਵਾਂਗ ਢਾਬਾ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ। ਅਗਲੇ ਦਿਨ ਯਾਨੀ ਮੰਗਲਵਾਰ ਨੂੰ ਸਵੇਰੇ ਕਰੀਬ 10 ਵਜੇ ਜਦੋਂ ਢਾਬਾ ਖੋਲ੍ਹਣ ਆਇਆ ਤਾਂ ਉਸ ਨੇ ਦੇਖਿਆ ਕਿ ਫਰੰਟ ਵਾਲਾ ਸ਼ੀਸ਼ਾ ਗੋਲੀਆਂ ਲੱਗਣ ਕਾਰਨ ਤਿੜਕਿਆਂ ਹੋਇਆ ਸੀ। ਇੱਕ ਗੋਲੀ ਕੰਧ ਵਿੱਚ ਲੱਗੀ ਹੋਈ ਸੀ। ਉਂਜ ਇਸ ਵਾਰਦਾਤ ਦੌਰਾਨ ਕਿਸੇ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਕਿਉਂਕਿ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਉਸ ਸਮੇਂ ਢਾਬਾ ਬੰਦ ਸੀ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇੱਕ ਦੋ ਪਹੀਆ ਵਾਹਨ ’ਤੇ ਆਏ ਅਣਪਛਾਤੇ ਹਮਲਾਵਰਾਂ ਨੇ ਕਟਾਣੀ ਢਾਬੇ ’ਤੇ ਚਾਰ ਗੋਲੀਆਂ ਚਲਾਈਆਂ। ਜਿਨ੍ਹਾਂ ’ਚੋਂ 2-3 ਗੋਲੀਆਂ ਸ਼ੀਸ਼ੇ ਉੱਤੇ ਲੱਗੀਆਂ ਹਨ। ਜਦੋਂਕਿ ਇੱਕ ਗੋਲੀ ਕੰਧ ਵਿੱਚ ਜਾ ਵੱਜੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਤੁਰੰਤ ਢਾਬੇ ਦੇ ਮਾਲਕ ਪਰਮਿੰਦਰ ਸਿੰਘ ਕਟਾਣੀ ਨੂੰ ਫੋਨ ’ਤੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪੁਲੀਸ ਕੰਟਰੋਲ ਰੂਮ ਨੂੰ ਵਾਰਦਾਤ ਬਾਰੇ ਸੂਚਨਾ ਦਿੱਤੀ। ਪਰਮਿੰਦਰ ਸਿੰਘ ਕਟਾਣੀ ਨੇ ਪੁਲੀਸ ਨੂੰ ਫਿਰੌਤੀ ਮੰਗਣ ਦੀ ਗੱਲ ਦੱਸੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸ ਨੂੰ ਕਿਸੇ ਅਣਪਛਾਤੇ ਇੰਟਰ-ਨੈਸ਼ਨਲ ਨੰਬਰ ਤੋਂ ਵਟਸਅੱਪ ਕਾਲ ਆਈ ਸੀ ਅਤੇ ਫੋਨ ਕਰਤਾ ਨੇ ਖ਼ੁਦ ਨੂੰ ਗੈਂਗਸਟਰ ਲੱਕੀ ਪਟਿਆਲ ਦੱਸਦਿਆਂ ਉਸ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਲੇਕਿਨ ਉਸ ਨੇ ਗੈਂਗਸਟਰ ਦੀ ਗੱਲ ਨਹੀਂ ਮੰਨੀ ਅਤੇ ਰਾਤ ਇਹ ਘਟਨਾ ਵਾਪਰ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਨ ਜਾਂ ਸ਼ਾਮ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਤਾਂ ਵੱਡਾ ਦੁਖਾਂਤ ਵਾਪਰ ਸਕਦਾ ਸੀ ਕਿਉਂਕਿ ਉਦੋਂ ਉਹ ਵੀ ਢਾਬੇ ’ਤੇ ਮੌਜੂਦ ਹੁੰਦੇ ਹਨ ਅਤੇ ਗਾਹਕਾਂ ਦੀ ਵੀ ਆਵਾਜਾਈ ਰਹਿੰਦੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਮਾਰਕੀਟਾਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਫੋਰੈਂਸਿਕ ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਡੀਐਸਪੀ ਬੱਲ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ