ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਸੰਚਾਲਕ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮ ਨੂੰ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ’ਚ ਵਿਦੇਸ਼ ਆਧਾਰਿਤ ਸੰਚਾਲਕਾਂ ਰਾਹੀਂ ਪਾਕਿ ਏਜੰਸੀਆਂ ਤੋਂ ਮਿਲ ਰਹੀ ਸੀ ਹਮਾਇਤ: ਡੀਜੀਪੀ

ਮੁਲਜ਼ਮ ਵਿਕਰਮਜੀਤ ਵਿੱਕੀ ਰਾਜਸਥਾਨ ਵਿੱਚ ਜਾਰਡਨ ਦੇ ਸਨਸਨੀਖੇਜ ਕਤਲ ਵਿੱਚ ਵੀ ਸੀ ਸ਼ਾਮਲ: ਏਆਈਜੀ ਗੁਰਮੀਤ ਚੌਹਾਨ

ਨਬਜ਼-ਏ-ਪੰਜਾਬ, ਮੁਹਾਲੀ, 28 ਦਸੰਬਰ:
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਨੇ ਮੁਹਾਲੀ ਦੇ ਸੈਕਟਰ-91 ’ਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਇੱਕ ਸੰਚਾਲਕ ਨੂੰ ਗ੍ਰਿਫ਼ਤਾਰ ਕਰਕੇ ਸੂਬੇ ਵਿੱਚ ਸਨਸਨੀਖ਼ੇਜ਼ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਵਿੱਕੀ ਵਾਸੀ ਸਤੀਏਵਾਲਾ (ਫਿਰੋਜ਼ਪੁਰ) ਵਜੋਂ ਹੋਈ ਹੈ। ਵਿੱਕੀ ਦੇ ਖ਼ਿਲਾਫ਼ ਥਾਣਾ ਸਟੇਟ ਕ੍ਰਾਈਮ ਮੁਹਾਲੀ ਵਿੱਚ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਇਰਾਦਾ-ਏ-ਕਤਲ, ਅਸਲਾ ਐਕਟ ਅਤੇ ਯੂਏਪੀਏ ਸਮੇਤ ਹੋਰ ਘਿਣਾਉਣੇ ਅਪਰਾਧਾਂ ਦੇ ਘੱਟੋ-ਘੱਟ 20 ਮਾਮਲਿਆਂ ਵਿੱਚ ਲੋੜੀਂਦਾ ਹੈ। ਪੁਲੀਸ ਨੇ ਉਸ ਦੇ ਕਬਜ਼ੇ ’ਚੋਂ .30 ਕੈਲੀਬਰ ਦੇ ਇੱਕ ਚੀਨੀ ਪਿਸਤੌਲ ਸਮੇਤ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਫਾਰਚੂਨਰ ਗੱਡੀ ਨੂੰ ਵੀ ਜ਼ਬਤ ਕੀਤਾ ਗਿਆ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਦਾ ਪਿੱਛਾ ਕਰਦਿਆਂ ਉਸ ਨੂੰ ਮੁਹਾਲੀ ਦੇ ਸੈਕਟਰ-91 ਸਥਿਤ ਅਪਾਰਟਮੈਂਟ, ਜਿੱਥੇ ਉਸ ਨੇ ਪਨਾਹ ਲਈ ਹੋਈ ਸੀ ਤੋਂ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਵਿੱਕੀ, ਜਿਸ ਨੂੰ ਪਾਕਿ ਏਜੰਸੀਆਂ ਦੀ ਹਮਾਇਤ ਪ੍ਰਾਪਤ ਹੈ, ਗੋਲਡੀ ਬਰਾੜ ਅਤੇ ਸਾਬਾ (ਅਮਰੀਕਾ) ਰਾਹੀਂ ਪਾਕਿਸਤਾਨ ਆਧਾਰਿਤ ਨਸ਼ਿਆਂ ਅਤੇ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਸਰਹੱਦੋਂ ਪਾਰ ਹਥਿਆਰਾਂ ਤੇ ਨਸ਼ਿਆਂ ਦੀ ਖੇਪ ਪ੍ਰਾਪਤ ਕਰਦਾ ਸੀ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਨੂੰ ਵਿਰੋਧੀ ਗੈਂਗ ਦਵਿੰਦਰ ਬੰਬੀਹਾ ਦੇ ਮੈਂਬਰ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ।
ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਵਿੱਕੀ 2018 ਵਿੱਚ ਰਾਜਸਥਾਨ ਦੇ ਗੰਗਾਨਗਰ ਵਿੱਚ ਜਿਮ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਆਪਣੇ ਵਿਰੋਧੀ ਜੌਰਡਨ ਦੇ ਸਨਸਨੀਖ਼ੇਜ਼ ਕਤਲ ਵਿੱਚ ਸ਼ੂਟਰ/ਗੈਂਗਸਟਰ ਅੰਕਿਤ ਭਾਦੂ (ਮ੍ਰਿਤਕ) ਦੇ ਸਹਿ-ਦੋਸ਼ੀਆਂ ’ਚੋਂ ਇੱਕ ਸੀ। ਉਨ੍ਹਾਂ ਦੱਸਿਆ ਕਿ ਫਰਵਰੀ 2019 ਵਿੱਚ ਪੀਰਮੁਛੱਲਾ (ਜ਼ੀਰਕਪੁਰ) ਵਿਖੇ ਕੀਤੀ ਗਈ ਪੁਲੀਸ ਕਾਰਵਾਈ ਵਿੱਚ ਅੰਕਿਤ ਭਾਦੂ ਦੇ ਮਾਰੇ ਜਾਣ ਤੋਂ ਬਾਅਦ ਮੁਲਜ਼ਮ ਵਿਕਰਮਜੀਤ ਵਿੱਕੀ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਵਿੱਚ ਉਸ ਦੀ ਥਾਂ ਲੈ ਲਈ ਅਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਗੈਂਗ ਦੀ ਹਥਿਆਰਾਂ/ਨਸ਼ਿਆਂ ਦੀ ਤਸਕਰੀ ਦੀ ਚੇਨ ਨੂੰ ਠੱਲ੍ਹ ਪਾਉਣ ਲਈ ਵਿਕਰਮਜੀਤ ਵਿੱਕੀ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…