Share on Facebook Share on Twitter Share on Google+ Share on Pinterest Share on Linkedin ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਦੋਸ਼ ਤੈਅ ਸੋਨੂੰ ਸ਼ਾਹ ਹੱਤਿਆ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਕਰ ਸਕਦੀ ਹੈ ਪੁੱਛਗਿੱਛ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ: ਮੁਹਾਲੀ ਵਿੱਚ ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਕਰੀਬ ਅੱਠ ਸਾਲ ਪੁਰਾਣੇ ਮਾਮਲੇ ਵਿੱਚ ਮੁਹਾਲੀ ਅਦਾਲਤ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਦੋਸ਼ੀ ਦਾ ਪਿਛੋਕੜ ਅਪਰਾਧਿਕ ਵਿਰਤੀ ਵਾਲਾ ਹੈ। ਉਸ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਜੋਧਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਰੁਚਿਕਾ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਬਿਸ਼ਨੋਈ ਦੇ ਦੋ ਸਾਥੀ ਤਰਸੇਮ ਸਿੰਘ ਅਤੇ ਲਵਪ੍ਰੀਤ ਸਿੰਘ ਵੀ ਕੇਸ ਦੀ ਸੁਣਵਾਈ ਮੌਕੇ ਅਦਾਲਤ ਵਿੱਚ ਪੇਸ਼ ਹੋਏ। ਉਂਜ ਇਹ ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ ’ਤੇ ਹਨ। ਦੋਸ਼ੀਆਂ ਦੇ ਖ਼ਿਲਾਫ਼ ਧਾਰਾ-323, 324, 452, 506, 148, 149 ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 18 ਅਕਤੂਬਰ ਦਾ ਦਿਨ ਨਿਰਧਾਰਿਤ ਕੀਤਾ ਹੈ। ਹੁਣ ਇਸ ਮਾਮਲੇ ਵਿੱਚ ਗਵਾਹੀਆਂ ਸ਼ੁਰੂ ਹੋਣਗੀਆਂ। ਅਦਾਲਤ ਦੇ ਅੰਦਰ ਅਤੇ ਬਾਹਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸਨ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਅਤੇ ਜਵਾਨ ਵੀ ਮੁਹਾਲੀ ਅਦਾਲਤ ਵਿੱਚ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2011 ਵਿੱਚ ਸਤਵਿੰਦਰ ਸਿੰਘ ਉਰਫ਼ ਸੱਤੂ ਵਾਸੀ ਪਿੰਡ ਜਲਵੇੜਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖਾਲਸਾ ਕਾਲਜ ਸੈਕਟਰ-26, ਚੰਡੀਗੜ੍ਹ ਵਿੱਚ ਪੜਾਈ ਕਰ ਰਿਹਾ ਸੀ। ਉਸ ਨੇ ਆਪਣੇ ਸਾਥੀ ਸੰਜੇ ਸ਼ਰਮਾ ਉਰਫ਼ ਮਨੀ ਦੇ ਨਾਲ ਇੱਥੋਂ ਦੇ ਸੈਕਟਰ-69 ਵਿੱਚ ਇਕ ਕਮਰਾ ਕਿਰਾਏ ’ਤੇ ਲਿਆ ਸੀ। 4 ਫਰਵਰੀ 2011 ਨੂੰ ਦੁਪਹਿਰ ਵੇਲੇ ਉਹ ਆਪਣੇ ਦੋਸਤ ਕੈਵਿਨ ਸੁਸ਼ਾਂਤ ਨਾਲ ਕਮਰੇ ਵਿੱਚ ਟੈਲੀਵੀਜ਼ਨ ਦੇਖ ਰਿਹਾ ਸੀ। ਇਸ ਦੌਰਾਨ ਕਾਰ ਵਿੱਚ ਕੁਝ ਨੌਜਵਾਨ ਉੱਥੇ ਆਏ। ਜਿਨ੍ਹਾਂ ਨੇ ਸੱਤੂ ਦਾ ਦਰਵਾਜ਼ਾ ਖੜਕਾਇਆ। ਸੱਤੂ ਨੇ ਜਾਲੀ ’ਚੋਂ ਦੇਖਿਆ ਕਿ ਲਾਰੈਂਸ ਬਿਸ਼ਨੋਈ, ਜੈਜੀ ਅਤੇ ਸਾਹਿਬਾ ਹੱਥਾਂ ਵਿੱਚ ਕਿਰਪਾਨ ਲੈ ਕੇ ਘਰ ਦੇ ਬਾਹਰ ਖੜੇ ਸਨ, ਜਦੋਂਕਿ ਇਕ ਨੌਜਵਾਨ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ, ਜਦੋਂ ਸੱਤੂ ਨੇ ਦਰਵਾਜਾ ਖੋਲ੍ਹਿਆ ਤਾਂ ਉਕਤ ਵਿਅਕਤੀਆਂ ਨੇ ਉਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਸੱਤੂ ਨੂੰ ਬਚਾਉਣ ਲਈ ਜਿਵੇਂ ਉਸ ਦਾ ਦੋਸਤ ਕੈਵਿਨ ਸੁਸ਼ਾਂਤ ਅੱਗੇ ਆਇਆ ਤਾਂ ਉਕਤ ਨੌਜਵਾਨ ਹਵਾਈ ਫਾਇਰ ਕਰਦੇ ਹੋਏ ਬਲੈਰੋ ਗੱਡੀ ਵਿੱਚ ਫਰਾਰ ਹੋ ਗਏ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਬੁੜੈਲ ਵਿੱਚ ਪਿਛਲੇ ਦਿਨੀਂ ਵੱਖ ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਰਾਜਬੀਰ ਸਿੰਘ ਉਰਫ਼ ਸੋਨੂੰ ਸ਼ਾਹ ਦੇ ਕਤਲ ਸਬੰਧੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਸੀ। ਦੱਸਿਆ ਗਿਆ ਹੈ ਕਿ ਸੋਨੂੰ ਸ਼ਾਹ ਹੱਤਿਆ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਯੂਟੀ ਪੁਲੀਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕਰੇਗੀ। ਇਸ ਸਬੰਧੀ ਚੰਡੀਗੜ੍ਹ ਪੁਲੀਸ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਪ੍ਰੋਡਕਸ਼ਨ ਵਰੰਟ ਹਾਸਲ ਕਰੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ