ਦਲਿਤ ਸੰਗਠਨਾਂ ਵੱਲੋਂ 51 ਮੈਂਬਰੀ ਕੋਰ ਕਮੇਟੀ ਦਾ ਗਠਨ, ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 16 ਜੂਨ:
ਜਾਅਲੀ ਐਸਸੀ ਸਰਟੀਫਿਕੇਟਾਂ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਫ਼ਸਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਐਸਸੀ\ਬੀਸੀ ਮਹਾ ਪੰਚਾਇਤ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਦਲਿਤ ਸੰਗਠਨ ਮੁਹਾਲੀ ਫੇਜ਼-7 ਸਥਿਤ ਲਾਲ ਬੱਤੀ ਚੌਕ ਨੇੜੇ ਪਿਛਲੇ ਛੇ ਮਹੀਨਿਆਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਅੱਜ ਇੱਥੇ ‘ਰਿਜਰਵੇਸ਼ਨ ਚੋਰ ਫੜੋ ਮੋਰਚਾ’ ਕੈਂਪਸ ਵਿਖੇ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਦਲਿਤ ਸੰਗਠਨਾਂ ਦੀ 41 ਮੈਂਬਰੀ ਕੋਰ ਕਮੇਟੀ ਦਾ ਵਿਸਥਾਰ ਕਰਕੇ 51 ਮੈਂਬਰੀ ਬਣਾਈ ਗਈ ਅਤੇ ਕਈ ਅਜਿਹੇ ਪੁਰਾਣੇ ਮੈਂਬਰਾਂ ਦੀ ਛੁੱਟੀ ਕੀਤੀ ਗਈ, ਜੋ ਸੰਘਰਸ਼ ਵਿੱਚ ਸਹਿਯੋਗ ਨਹੀਂ ਸੀ ਦੇ ਰਹੇ।
ਇਸ ਮੌਕੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ, ਸੁਖਦੇਵ ਸਿੰਘ ਚੱਪੜਚਿੜੀ, ਲਖਵੀਰ ਸਿੰਘ ਬਡਾਲਾ, ਅਜੈਬ ਸਿੰਘ ਬਾਕਰਪੁਰ, ਸ਼ਵਿੰਦਰ ਸਿੰਘ ਲੱਖੋਵਾਲ, ਡਾ. ਦੀਪਕਾ ਜਯੋਤੀ ਅਤੇ ਸਾਬਕਾ ਡਾਇਰੈਕਟਰ ਰੇਣੂ ਬਾਲਾ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਊਸ ਵਿੱਚ ਐਲਾਨ ਕੀਤਾ ਸੀ ਕਿ ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਕਰ ਰਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਹੁਣ ਤੱਕ ਸਰਕਾਰ ਨੇ ਇਸ ਦਿਸ਼ਾ ਵਿੱਚ ਡੱਕਾ ਨਹੀਂ ਤੋੜਿਆ। ਮੀਟਿੰਗ ਵਿੱਚ ਅਤਿ ਦੀ ਗਰਮੀ ਦੇ ਬਾਵਜੂਦ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਮਤਾ ਪਾਸ ਕੀਤਾ ਗਿਆ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਦੇਖੀ ਦੇ ਖ਼ਿਲਾਫ਼ 24 ਜੂਨ ਨੂੰ ਫੇਜ਼-7 ਸਥਿਤ ਲਾਲ ਬੱਤੀ ਚੌਕ ਦੇ ਵਿਚਕਾਰ ਹੁਕਮਰਾਨਾਂ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਸਬੰਧੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਧਰਨੇ ਸਬੰਧੀ ਦਲਿਤਾਂ ਪਰਿਵਾਰਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਮੀਟਿੰਗ ਨੂੰ ਸਾਬਕਾ ਐਸਡੀਓ ਹਰਨੇਕ ਸਿੰਘ, ਨਛੱਤਰ ਸਿੰਘ ਕਾਜਲ, ਲਖਵੀਰ ਸਿੰਘ ਮੁਹਾਲੀ, ਹਰਚੰਦ ਸਿੰਘ ਜਖਵਾਲੀ, ਕਾਮਰੇਡ ਗੁਰਮੇਲ ਸਿੰਘ, ਬਲਵਿੰਦਰ ਸਿੰਘ ਮੱਕੜਿਆਂ, ਰਿਸ਼ੀ ਰਾਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜ ਸਿੰਘ, ਸਿਮਰਨਜੀਤ ਸ਼ੈਂਕੀ, ਜਸਵੀਰ ਸਿੰਘ ਮਹਿਤਾ, ਸਰਬਜੀਤ ਸਿੰਘ ਰੌਕੀ, ਬਾਬੂ ਵੇਦ ਪ੍ਰਕਾਸ਼, ਅਵਤਾਰ ਸਿੰਘ ਸੈਂਪਲਾ, ਮਨਜੀਤ ਸਿੰਘ ਮੇਵਾ, ਦਿਲਬਰ ਖਾਨ, ਤਰਸੇਮ ਖਾਨ, ਪਿਆਰਾ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਅਮਰੀਕ ਸਿੰਘ, ਰਾਮ ਸਨੇਹੀ, ਬਲਕਾਰ ਸਿੰਘ, ਰਾਜਾ ਸਨੇਟਾ, ਦੌਲਤ ਰਾਮ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਇਮਰਾਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…