Share on Facebook Share on Twitter Share on Google+ Share on Pinterest Share on Linkedin ਸਫਲਤਾ ਦੀ ਉਡਾਰੀ: ਮੁਹਾਲੀ ਦੇ ਦੋ ਨੌਜਵਾਨ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਾਨਦਾਰ ਪ੍ਰਾਪਤੀ ਲਈ ਨੌਜਵਾਨ ਅਧਿਕਾਰੀਆਂ ਨੂੰ ਦਿੱਤੀ ਵਧਾਈ ਹੁਣ ਤੱਕ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਮੁਹਾਲੀ ਇੰਸਟੀਚਿਊਟ ਦੇ 172 ਕੈਡਿਟਾਂ ਨੇ ਕਮਿਸ਼ਨ ਹਾਸਲ ਕੀਤਾ ਨਬਜ਼-ਏ-ਪੰਜਾਬ, ਮੁਹਾਲੀ, 31 ਮਈ: ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਸਿਰ ਸਫਲਤਾ ਦਾ ਸਿਹਰਾ ਸਜਾਉਂਦਿਆਂ ਦੋ ਕੈਡਿਟਾਂ ਨੇ ਅੱਜ ਏਝੀਮਾਲਾ (ਕੇਰਲਾ) ਵਿੱਚ ਵੱਕਾਰੀ ਇੰਡੀਅਨ ਨੇਵਲ ਅਕੈਡਮੀ (ਆਈਐਨਏ) ਤੋਂ ਪਾਸ ਆਊਟ ਹੋਣ ਨਾਲ ਭਾਰਤੀ ਜਲ ਸੈਨਾ ਦੇ ਕਮਿਸ਼ਨਡ ਅਫ਼ਸਰ ਬਣ ਗਏ ਹਨ। ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਵੀ. ਸ਼੍ਰੀਨਿਵਾਸ, ਏ.ਵੀ.ਐਸ.ਐਮ., ਐਨ.ਐਮ., ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਆਫ਼ ਸਾਊਥਰਨ ਨੇਵਲ ਕਮਾਂਡ ਨੇ ਕੀਤਾ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਰਹੇ ਮਹਿੰਦਰ ਸਿੰਘ ਸੇਖੋਂ ਅਤੇ ਵਿਨੈ ਕੌਸ਼ਿਕ ਨੇ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ, ਦੋਵੇਂ ਐਸਏਐਸ ਨਗਰ (ਮੁਹਾਲੀ) ਨਾਲ ਸਬੰਧਤ ਹਨ। ਇਸ ਇੰਸਟੀਚਿਊਟ ਵਿੱਚ ਦੋ ਸਾਲਾਂ ਦੀ ਸਿਖਲਾਈ ਤੋਂ ਬਾਅਦ ਐਨਡੀਏ ਵਿੱਚ ਤਿੰਨ ਸਾਲਾਂ ਦੀ ਸਿਖਲਾਈ ਉਪਰੰਤ ਆਈਐਨਏ ਵਿੱਚ ਇੱਕ ਸਾਲ ਦੀ ਸੇਵਾ ਆਧਾਰਿਤ ਸਿਖਲਾਈ ਮੁਕੰਮਲ ਕਰਨ ਤੋਂ ਬਾਅਦ ਹੁਣ ਇਹ ਦੋਵੇਂ ਨੌਜਵਾਨ ਕੈਡਿਟ ਜਲਦੀ ਭਾਰਤੀ ਜਲ ਸੈਨਾ ਵਿੱਚ ਜੁਆਇਨ ਕਰਨਗੇ। ਇੱਥੇ ਇਹ ਦੱਸਣਯੋਗ ਹੈ ਕਿ ਮਹਿੰਦਰ ਸਿੰਘ ਸੇਖੋਂ, ਜਿਸ ਦੇ ਮਾਪੇ ਬਚਪਨ ਵਿੱਚ ਹੀ ਵਿਛੋੜਾ ਦੇ ਗਏ ਸਨ, ਨੇ ਆਪਣੀ ਦ੍ਰਿੜ੍ਹਤਾ ਅਤੇ ਸਖ਼ਤ ਮਿਹਨਤ ਨਾਲ ਆਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ। ਜਦੋਂਕਿ ਵਿਨੈ ਕੌਸ਼ਿਕ ਦੇ ਪਿਤਾ ਸੰਜੇ ਕੁਮਾਰ ‘ਦਿ ਟ੍ਰਿਬਿਊਨ’ ਅਖਬਾਰ ਵਿੱਚ ਸੈਕਸ਼ਨਲ ਹੈੱਡ ਹਨ ਅਤੇ ਉਸ ਦੀ ਮਾਤਾ ਸ੍ਰੀਮਤੀ ਰੇਖਾ ਸ਼ਰਮਾ ਸੁਆਣੀ ਹੈ। ਨੌਜਵਾਨ ਅਧਿਕਾਰੀਆਂ ਨੂੰ ਮੁਬਾਰਕਵਾਦ ਦਿੰਦਿਆਂ ਅਮਨ ਅਰੋੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾ ਇਸੇ ਤਰ੍ਹਾਂ ਦੇਸ਼ ਅਤੇ ਪੰਜਾਬ ਦਾ ਮਾਣ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ ਨੇ ਆਪਣੇ ਇਨ੍ਹਾਂ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਦੇ 172 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਵਜੋਂ ਕਮਿਸ਼ਨ ਹਾਸਲ ਕੀਤਾ ਹੈ, ਜਿਨ੍ਹਾਂ ’ਚੋਂ 20 ਭਾਰਤੀ ਜਲ ਸੈਨਾ ਕਮਿਸ਼ਨਡ ਅਫ਼ਸਰ ਬਣੇ ਹਨ। ਉਨ੍ਹਾਂ ਨੇ ਏਐਫ਼ਸੀਏਟੀ ਦੀ ਮੈਰਿਟ ਸੂਚੀ ਵਿੱਚ ਆਏ ਕੈਡਿਟ ਅਰਸ਼ਦੀਪ ਸਿੰਘ (ਆਲ ਇੰਡੀਆ ਤੀਜਾ ਰੈਂਕ ) ਅਤੇ ਕਰਨ ਕੌਸ਼ਿਕ (ਆਲ ਇੰਡੀਆ 71ਵਾਂ ਰੈਂਕ) ਦੀ ਪ੍ਰਾਪਤੀ ’ਤੇ ਵੀ ਚਾਨਣਾ ਪਾਇਆ, ਜੋ ਏਅਰ ਫੋਰਸ ਅਕੈਡਮੀ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ