ਦਿਵਿਆਂਗਜਨਾਂ ਲਈ ਸਰਕਾਰੀ ਨੌਕਰੀਆਂ ਬਾਬਤ ਪ੍ਰੀਖਿਆ ਫੀਸ ਮੁਆਫ਼ ਹੋਵੇਗੀ: ਬਲਜੀਤ ਕੌਰ

ਕੈਬਨਿਟ ਮੰਤਰੀ ਨੇ ਆਂਗਨਵਾੜੀ ਸੁਪਰਵਾਈਜ਼ਰਾਂ, ਕਲਰਕਾਂ ਤੇ ਸਟੈਨੋ ਟਾਈਪਿਸਟਾਂ ਨੂੰ ਵੰਡੇ ਨਿਯੁਕਤੀ ਪੱਤਰ

ਵਿਲੱਖਣ ਕਾਰਗੁਜ਼ਾਰੀ ਵਾਲੀਆਂ ਅੌਰਤਾਂ, ਨਵਜੰਮੀਆਂ ਧੀਆਂ ਤੇ ਮਾਵਾਂ ਦਾ ਵੀ ਕੀਤਾ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 12 ਮਾਰਚ:
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਇੱਥੋਂ ਦੇ ਸੈਕਟਰ-67 ਸਥਿਤ ਨਾਈਪਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਹਰ ਵਰਗ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਸਬੰਧੀ ਛੋਟ ਅਤੇ ਦਿਵਿਆਂਗਜਨਾਂ ਨੂੰ ਸਰਕਾਰੀ ਨੌਕਰੀਆਂ ਲਈ ਪ੍ਰੀਖਿਆ ਫੀਸ ਤੋਂ ਛੋਟ ਦਿੱਤੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ 9 ਸੁਪਰਵਾਈਜ਼ਰਾਂ ਅਤੇ 9 ਕਲਰਕਾਂ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਿੱਚ 14 ਸਟੈਨੋ ਟਾਈਪਿਸਟਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਨਾਲ ਹੀ ਮੰਤਰੀ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੇ 82 ਲਾਭਪਾਤਰੀਆਂ ਨੂੰ 1.66 ਕਰੋੜ ਰੁਪਏ ਅਤੇ ਬੈਂਕਫਿੰਕੋ ਵੱਲੋਂ ਪਛੜੀਆਂ ਸ਼੍ਰੇਣੀਆਂ ਦੇ 17 ਲਾਭਪਾਤਰੀਆਂ ਨੂੰ 32.45 ਲੱਖ ਰੁਪਏ ਦੇ ਕਰਜ਼ੇ ਵੰਡੇ ਗਏ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਅੌਰਤਾਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਸੀ ਅਤੇ ਉਸ ਵਰਤਾਰੇ ਦੇ ਅੰਸ਼ ਅੱਜ ਵੀ ਦਿਸਦੇ ਅੌਰਤ ਹਮੇਸ਼ਾ ਸਬਰ ਤੇ ਸਹਿਜ ਨਾਲ ਹੀ ਸੰਘਰਸ਼ ਕਰਦੀ ਰਹੀ ਹੈ। ਇਤਿਹਾਸ ਵਿੱਚ ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਅੌਰਤਾਂ ਨੇ ਆਪਣੀ ਵੱਖਰੀ ਥਾਂ ਬਣਾਈ ਹੈ, ਜਿਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੌਰਤ ਕੋਲ ਸਭ ਤੋਂ ਵੱਡੀ ਤਾਕਤ ਸਿੱਖਿਆ ਹੈ। ਲਿਹਾਜ਼ਾ ਭਵਿੱਖ ਵਿੱਚ ਬੱਚੀਆਂ ਨੂੰ ਸਿੱਖਿਆ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦੇਣ।
ਸਮਾਗਮ ਦੌਰਾਨ ਗਰਭਵਤੀ ਅੌਰਤਾਂ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ। ਨਾਲ ਹੀ 40 ਨਵਜੰਮੀਆਂ ਬੱਚੀਆਂ ਤੇ ਮਾਵਾਂ ਸਮੇਤ ਸਮਾਜ ਵਿੱਚ ਵਿਲੱਖਣ ਕਾਰਗੁਜ਼ਾਰੀ ਵਾਲੀਆਂ ਅੌਰਤਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਸ੍ਰੀਮਤੀ ਯੋਗਿਤਾ ਵਰਮਾ, ਡਾ. ਨਵਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਹਰਿੰਦਰ ਕੌਰ, ਦੀਪਤੀ ਤੇ ਰਮਜੋਤ ਕੌਰ ਸ਼ਾਮਲ ਸਨ। ਇਸ ਮੌਕੇ ਜਯੋਤੀ ਸਰੂਪ ਕੰਨਿਆ ਆਸਰਾ ਟਰੱਸਟ ਦੀਆਂ ਬੱਚੀਆਂ ਨੇ ਗਿੱਧੇ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਵਿਭਾਗ ਦੇ ਸੰਯੁਕਤ ਸਕੱਤਰ ਅਨੰਦ ਸਾਗਰ ਸ਼ਰਮਾ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਤੇ ਰੁਪਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਕ ਨਿਆਂ ਤੇ ਅਧਿਕਾਰਤਾ ਅਫ਼ਸਰ ਅਸ਼ੀਸ਼ ਕਥੂਰੀਆ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…