Share on Facebook Share on Twitter Share on Google+ Share on Pinterest Share on Linkedin ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਕੂੜੇ ਤੋਂ ਜੈਵਿਕ ਖਾਦ ਬਣਾਉਣ ਦੇ ਪ੍ਰਾਜੈਕਟ ਦਾ ਜਾਇਜ਼ਾ ਲਿਆ ਮੁਹਾਲੀ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ ਵੱਖਰਾ ਕਰਕੇ ਰੱਖਣ ਲਈ ਪਾਇਲਟ ਪ੍ਰਾਜੈਕਟ ਦੀ ਕੀਤੀ ਸ਼ਲਾਘਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ: ਮੁਹਾਲੀ ਨਗਰ ਨਿਗਮ ਨੇ ਆਮ ਸ਼ਹਿਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਕਰਕੇ ਰੱਖਣ ਅਤੇ ਜੈਵਿਕ ਖਾਦ ਤਿਆਰ ਕਰਨ ਲਈ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਸਵੱਛ ਭਾਰਤ ਮਿਸ਼ਨ (ਅਰਬਨ) ਤਹਿਤ ਇੱਥੋਂ ਦੇ ਫੇਜ਼-9 ਅਤੇ ਫੇਜ਼-10 ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਮੁਹਾਲੀ ਦਾ ਦੌਰਾ ਕਰਕੇ ਪਾਇਲਟ ਪ੍ਰਾਜੈਕਟ ਦਾ ਜਾਇਜ਼ਾ ਲਿਆ ਅਤੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਗਰ ਨਿਗਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਹੈ। ਇਸ ਮੌਕੇ ਅਸਿਸਟੈਂਟ ਡਾਇਰੈਕਟਰ ਡਾ. ਪੂਰਨ ਸਿੰਘ ਅਤੇ ਸਹਾਇਕ ਡਾਇਰੈਕਟਰ ਡਾ. ਨਰੇਸ਼ ਭਾਰਦਵਾਜ ਨੇ ਸ੍ਰੀ ਸੀਚੇਵਾਲ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਕੇ ਗਿੱਲੇ ਕੂੜੇੇ ਤੋਂ ਖਾਦ ਬਣਾਉਣ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਫੇਜ਼-9 ਅਤੇ ਫੇਜ਼-10 ਨੂੰ ਕੂੜੇ ਦੀ ਸਾਂਭ-ਸੰਭਾਲ ਲਈ ਮਾਸਟਰ ਪ੍ਰਾਜੈਕਟ ਵਜੋ ਅਪਣਾਇਆ ਗਿਆ ਹੈ। ਸਫ਼ਾਈ ਕਰਮਚਾਰੀਆਂ ਵੱਲੋਂ ਘਰਾਂ ’ਚੋਂ ਹੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇੱਕਤਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਪਹਿਲਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਵੱਲੋਂ ਵੀ ਇਸ ਰਿਸੋਰਸ ਸੈਂਟਰ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਟੀਮ ਵੱਲੋਂ ਇਸ ਕੰਮ ਨੂੰ ਤਸੱਲੀਬਖ਼ਸ਼ ਮੰਨਿਆ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 6 ਵਜੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਆਮ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਕਰਕੇ ਰੱਖਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਤਹਿਤ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਕਰਕੇ ਹਵਾਦਾਰ 30 ਖਾਦ ਦੀਆਂ ਖਾਲਾ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿੱਚ ਲੋਕਾਂ ਦੇ ਘਰਾਂ ’ਚੋਂ ਕੂੜਾ ਚੁੱਕ ਕੇ ਇਨ੍ਹਾਂ ਥਾਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜਿੱਥੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ। ਜਿਸ ਨੂੰ ਸ਼ਹਿਰ ਦੀਆਂ ਵੱਖ ਵੱਖ ਪਾਰਕਾਂ ਵਿੱਚ ਫੁੱਲ ਬੂਟਿਆਂ ਦੇ ਵਿਕਾਸ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸਫਲ ਬਣਾਉਣ ਲਈ ਰੋਜ਼ਾਨਾ ਨਜ਼ਰਸਾਨੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਸੋਈ ਦੇ ਗਿੱਲੇ ਕੂੜੇ ਲਈ ਹਰਾ ਡੱਬਾ ਅਤੇ ਸੁੱਕੇ ਕੂੜੇ ਲਈ ਨੀਲੇ ਡੱਬੇ ਦਾ ਪ੍ਰਬੰਧ ਕੀਤਾ ਗਿਆ ਹੈ। ਅਜਿਹਾ ਕਰਨ ਨਾਲ ਸ਼ਹਿਰ ਨੂੰ ਸਫ਼ਾਈ ਪੱਖੋਂ ਸੁੰਦਰ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਮੁਹਾਲੀ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸੈਨੇਟਰੀ ਇੰਸਪੈਕਟਰ ਜਗਰੂਪ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਭਵਜੋਤ ਸਿੰਘ, ਵੰਦਨਾ ਸੁਖੀਜਾ, ਸੁਪਰਵਾਈਜ਼ਰ ਗੁਰਵਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਘਰੇਲੂ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਲਈ ਪ੍ਰੈਕਟੀਕਲ ਤਰੀਕੇ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼ਹਿਰ ਵਿੱਚ ਹਰੇ ਅਤੇ ਨੀਲੇ ਰੰਗ ਦੇ ਡਸਟਬੀਨ ਰੱਖੇ ਗਏ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਵੀ ਇਹ ਡੱਬੇ ਰੱਖਣ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਨੂੰ ਪੂਰਾ ਸਹਿਯੋਗ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਵੱਛਤਾ ਸਰਵੇਖਣ ਵਿੱਚ ਮੁਹਾਲੀ ਨੂੰ ਦੇਸ਼ ਭਰ ਵਿੱਚ ਪਹਿਲੇ 10 ਸ਼ਹਿਰਾਂ ਅਤੇ ਪੰਜਾਬ ਵਿੱਚ ਮੋਹਰੀ ਬਣਾਇਆ ਜਾ ਸਕੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ