ਪਾਵਰਕੌਮ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜੇ ਬਿਜਲੀ ਮੰਤਰੀ, ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 13 ਫਰਵਰੀ:
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਆਊਟਸੋਰਸਿੰਗ ਸੀਐਚਬੀ ਤੇ ਡਬਲਿਊ ਠੇਕਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਜਦੋਂਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ। ਅੱਜ ਬਿਜਲੀ ਮੰਤਰੀ ਐਨ ਮੌਕੇ ਮੀਟਿੰਗ ਤੋਂ ਭੱਜ ਗਏ। ਜਿਸ ਦਾ ਠੇਕਾ ਮੁਲਾਜ਼ਮਾਂ ਨੇ ਕਾਫ਼ੀ ਬੁਰਾ ਮਨਾਇਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਨਰਲ ਸਕੱਤਰ ਰਾਜੇਸ਼ ਮੌੜ, ਦਫ਼ਤਰੀ ਸਕੱਤਰ ਸ਼ੇਰ ਸਿੰਘ, ਸਹਾਇਕ ਸਕੱਤਰ ਟੇਕ ਚੰਦ, ਵਿੱਤ ਸਕੱਤਰ ਚਮਕੌਰ ਸਿੰਘ, ਸਰਕਲ ਸੰਗਰੂਰ ਤੇ ਪਟਿਆਲਾ ਆਗੂ ਸੁਰਿੰਦਰ ਸਿੰਘ ਤੇ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਉਹ ਬਿਜਲੀ ਮੰਤਰੀ ਨਾਲ ਮੀਟਿੰਗ ਕਰਨ ਲਈ ਪਾਵਰਕੌਮ ਦੇ ਯੂਟੀ ਗੈਸਟ ਹਾਊਸ ਵਿੱਚ ਪਹੁੰਚੇ ਪ੍ਰੰਤੂ ਮੰਤਰੀ ਸਮਾਂ ਦੇ ਕੇ ਖ਼ੁਦ ਹਾਜ਼ਰ ਨਹੀਂ ਹੋਏ। ਕੁੱਝ ਸਮਾਂ ਉਡੀਕ ਕਰਨ ਮਗਰੋਂ ਪਾਵਰਕੌਮ ਦੇ ਡਿਪਟੀ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਮੰਤਰੀ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਨਹੀਂ ਕਰ ਸਕਣਗੇ। ਇਹੀ ਨਹੀਂ ਮੰਤਰੀ ਜਾਂ ਕਿਸੇ ਉੱਚ ਅਧਿਕਾਰੀ ਨੇ ਅਗਲਾ ਸਮਾਂ ਵੀ ਨਹੀਂ ਦਿੱਤਾ।
ਗੁੱਸੇ ਨਾਲ ਨੱਕੋ-ਨੱਕ ਭਰੇ ਠੇਕਾ ਮੁਲਾਜ਼ਮਾਂ ਨੇ ਮੌਕੇ ’ਤੇ ਹੀ 16 ਫਰਵਰੀ ਨੂੰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕਰਨ ਅਤੇ 17 ਫਰਵਰੀ ਨੂੰ ਬਿਜਲੀ ਮੰਤਰੀ ਦੇ ਹਲਕਾ ਨਿਊ ਅੰਮ੍ਰਿਤਸਰ ਵਿੱਚ ਧਰਨਾ ਦਾ ਐਲਾਨ ਕੀਤਾ ਅਤੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਫੀਲਡ ਵਿੱਚ ਆਉਣ ’ਤੇ ਬਿਜਲੀ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 19 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਬਰਨਾਲਾ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨਗੇ ਅਤੇ ਸਾਂਝੇ ਸੰਘਰਸ਼ ਦਾ ਬਿਗਲ ਬਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਠੇਕਾ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟਣ, ਲਾਠੀਚਾਰਜ ਕਰਨ ਅਤੇ ਜੇਲ੍ਹਾਂ ਵਿੱਚ ਡੱਕਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਫੌਰੀ ਹੱਲ ਕੀਤੀਆਂ ਜਾਣ।
ਆਗੂਆਂ ਨੇ ਕਿਹਾ ਕਿ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਡਿਊਟੀ ਦੌਰਾਨ ਬਿਜਲੀ ਕਰੰਟ ਲੱਗਣ ਕਾਰਨ ਘਾਤਕ ਤੇ ਗੈਰ ਘਾਤਕ ਹਾਦਸਿਆਂ ਦੇ ਪੀੜਤਾਂ ਨੂੰ ਯੋਗ ਮੁਆਵਜ਼ਾ ਅਤੇ ਪਰਿਵਾਰਕ ਮੈਂਬਰਾਂ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਵਾਉਣ, ਘੱਟੋ-ਘੱਟ ਗੁਜ਼ਾਰੇ ਯੋਗ ਤਨਖ਼ਾਹ ਨਿਸ਼ਚਿਤ ਕਰਨ ਸਮੇਤ ਮੰਗ ਪੱਤਰ ਵਿੱਚ ਤਮਾਮ ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਬਿਗਲ ਬਜਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…